“ਭਾਰਤੀ ਜਨਤਾ ਪਾਰਟੀ ਨਸ਼ੇ ਅਤੇ ਅੱਤਵਾਦ ਨੂੰ ਇੱਕੋ ਨਜ਼ਰ ਨਾਲ ਦੇਖਦੀ ਹੈ ਅਤੇ ਇਨ੍ਹਾਂ ਵਿਰੁੱਧ ‘ਜ਼ੀਰੋ ਟਾਲਰੈਂਸ’ ਦੀ ਨੀਤੀ ਰੱਖਦੀ ਹੈ। ਪੰਜਾਬ ਵਿੱਚੋਂ ਨਸ਼ਾ ਸਿਰਫ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੀ ਜੋੜੀ ਹੀ ਖ਼ਤਮ ਕਰ ਸਕਦੀ ਹੈ ਅਤੇ ਪਾਰਟੀ ਕੋਲ ਇਸ ਲਈ ਪੂਰਾ ਰੋਡ ਮੈਪ ਤਿਆਰ ਹੈ। ਪੰਜਾਬ ਰਾਜਪਾਲ ਵੱਲੋਂ ਕੱਢੀ ਗਈ ਨਸ਼ਾ ਵਿਰੋਧੀ ਪੈਦਲ ਯਾਤਰਾ ਵਿੱਚ ਉਹ ਇੱਕ ਨਾਗਰਿਕ ਵਜੋਂ ਸ਼ਾਮਲ ਹੋਏ ਸਨ ਤਾਂ ਜੋ ਪੰਜਾਬ ਦੀ ਜਵਾਨੀ ਨੂੰ ਬਚਾਇਆ ਜਾ ਸਕੇ। ਪਰ ‘ਆਪ’ ਸਰਕਾਰ ਇਸ ਨੇਕ ਕਾਰਜ ਦਾ ਵੀ ਸਿਆਸੀਕਰਨ ਕਰ ਰਹੀ ਹੈ।”
ਭਾਰਤੀ ਜਨਤਾ ਪਾਰਟੀ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਚੰਡੀਗੜ੍ਹ ਦੇ ਵਿੱਚ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਆਮ ਆਦਮੀ ਪਾਰਟੀ ਦੀ ਸਰਕਾਰ ‘ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ, “ਆਪ’ ਸਰਕਾਰ ਦੇ ਚੋਣਾਂ ਵੇਲੇ ਇੱਕ ਮਹੀਨੇ ‘ਚ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਵਾਅਦੇ ਦੇ ਬਾਵਜੂਦ, ਅੱਜ 46 ਮਹੀਨਿਆਂ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਨਸ਼ਾ ਖ਼ਤਮ ਹੋਣਾ ਤਾਂ ਦੂਰ, ਸਗੋਂ ਇਸ ਨੇ ਇੱਕ ਭਿਆਨਕ ਦਾਨਵ ਦਾ ਰੂਪ ਧਾਰਣ ਕਰ ਲਿਆ ਹੈ। ਜਿੱਥੇ ਸਰਕਾਰੀ ਰਿਕਾਰਡ 1600 ਮੌਤਾਂ ਦੀ ਗੱਲ ਕਰਦਾ ਹੈ, ਉੱਥੇ ਹੀ ਅਸਲੀਅਤ ‘ਚ ਕਰੀਬ 15,000 ਨੌਜਵਾਨ ਅਤੇ ਬੱਚੇ ਇਸ ਚਿੱਟੇ ਦੀ ਭੇਂਟ ਚੜ੍ਹ ਚੁੱਕੇ ਹਨ। ਸਮਾਜਿਕ ਸ਼ਰਮਿੰਦਗੀ ਕਾਰਨ ਬਹੁਤ ਸਾਰੇ ਪਰਿਵਾਰ ਨਸ਼ੇ ਨਾਲ ਹੋਈਆਂ ਮੌਤਾਂ ਨੂੰ ਲੁਕੋ ਲੈਂਦੇ ਹਨ। ਅੱਜ ਪੰਜਾਬ ‘ਚ ਨਸ਼ੇ ਦੀ ‘ਹੋਮ ਡਿਲੀਵਰੀ’ ਹੋ ਰਹੀ ਹੈ ਅਤੇ ਪਿੰਡਾਂ ਦੀਆਂ ਦੀਵਾਰਾਂ ‘ਤੇ ਨਸ਼ਾ ਮਿਲਣ ਬਾਰੇ ਲਿਖਿਆ ਮਿਲਦਾ ਹੈ। ਕੀ ਅੱਜ ਇਹ ਮੰਨਿਆ ਜਾਵੇ ਕਿ ਨਸ਼ੇ ਦੇ ਇਸ ਵਿਸਥਾਰ ਪਿੱਛੇ ਮਾਨ ਸਰਕਾਰ ਦੇ ਲੋਕਾਂ ਦੀ ਛਤਰ-ਛਾਇਆ ਹੈ? ਮਾਨ ਸਾਹਿਬ ਹਿੰਮਤ ਹੈ ਤਾਂ ਇਹ ਦੱਸੋ ਕਿ ਪੰਜਾਬ ‘ਚ ਹੁਣ ਨਸ਼ਾ ਕੌਣ ਵਿਕਵਾ ਰਿਹਾ ਹੈ? ਨਸ਼ਾ ਤਸਕਰ ਇੰਨੇ ਬੇਖ਼ੌਫ਼ ਹੋ ਚੁੱਕੇ ਹਨ ਕਿ ਉਹ ਪੁਲਸ ‘ਤੇ ਵੀ ਹਮਲੇ ਕਰਨ ਤੋਂ ਨਹੀਂ ਡਰਦੇ।”
