ਚੰਡੀਗੜ੍ਹ – ਪੰਜਾਬ ’ਚ ਸਿੱਖਿਆ ਦਾ ਪੱਧਰ ਵਧਾਉਣ ਲਈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੋਮਵਾਰ ਨੂੰ 10880 ਖਾਲੀ ਅਸਾਮੀਆਂ ਨੂੰ ਸਿੱਖਿਆ ਵਿਭਾਗ ’ਚ ਭਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਮੌਕੇ ਮੁੱਖ ਮੰਤਰੀ ਨੇ 2000 ਫਿਜ਼ੀਕਲ ਐਜੂਕੇਸ਼ਨ ਅਧਿਆਪਕਾਂ ਨੂੰ ਪ੍ਰਾਇਮਰੀ ਸਕੂਲਾਂ ’ਚ ਲਗਾਏ ਜਾਣ ਨੂੰ ਵੀ ਮਨਜ਼ੂਰੀ ਦਿੱਤੀ ਤਾਂ ਜੋ ਬੱਚਿਆਂ ਦੀ ਸਿਹਤ ’ਤੇ ਵੀ ਧਿਆਨ ਦਿੱਤਾ ਜਾ ਸਕੇ।
ਮੁੱਖ ਮੰਤਰੀ ਨੇ ਪਿੰਡ ਪੱਧਰ ’ਤੇ ਕਲਸਟਰ ਬਣਾਉਣ ਦੀ ਵਕਾਲਤ ਕਰਦੇ ਹੋਏ ਕਿਹਾ ਕਿ ਜੇਕਰ ਪ੍ਰਾਇਮਰੀ, ਮਿਡਲ ਤੇ ਹਾਈ ਸਕੂਲਾਂ ’ਚ ਫ਼ਿਜ਼ੀਕਲ ਐਜੂਕੇਸ਼ਨ ਟ੍ਰੇਨਰ ਹਨ ਤਾਂ ਉਨ੍ਹਾਂ ਦੀਆਂ ਸੇਵਾਵਾਂ ਲਈਆਂ ਜਾਣ ਤੇ ਇਸ ਬਾਰੇ ਛੇਤੀ ਤੋਂ ਛੇਤੀ ਤਜਵੀਜ਼ ਦਿੱਤੀ ਜਾਵੇ। ਵੱਖ-ਵੱਖ ਅਧਿਆਪਕ ਯੂਨੀਅਨਾਂ ਤੇ ਜਥੇਬੰਦੀਆਂ ਦੀਆਂ ਮੰਗਾਂ ’ਤੇ ਗੌਰ ਕਰਦੇ ਹੋਏ ਉਨ੍ਹਾਂ ਸਿੱਖਿਆ ਵਿਭਾਗ ਨੂੰ ਕਿਹਾ ਕਿ ਇਨ੍ਹਾਂ ਨੂੰ ਹੱਲ ਕਰਨ ਦਾ ਛੇਤੀ ਤੋਂ ਛੇਤੀ ਪਲਾਨ ਤਿਆਰ ਕੀਤਾ ਜਾਵੇ ਤੇ ਵਿੱਤ ਵਿਭਾਗ ਨਾਲ ਚਰਚਾ ’ਚ ਵੀ ਰੱਖਿਆ ਜਾਵੇ। ਰਾਸ਼ਟਰੀ ਸੈਕੰਡਰੀ ਸਿੱਖਿਆ ਮੁਹਿੰਮ ਦੇ ਤਹਿਤ 1000 ਮੁੱਖ ਅਧਿਆਪਕਾਂ ਤੇ ਅਧਿਆਪਕਾਂ ਨੂੰ ਭਰਤੀ ਕੀਤੇ ਜਾਣ ਦੀ ਲੰਬੇ ਸਮੇਂ ਤੋਂ ਚੱਲ ਰਹੀ ਮੰਗ ਨੂੰ ਪੂਰਾ ਕਰਦੇ ਹੋਏ ਮੁੱਖ ਮੰਤਰੀ ਨੇ ਵਿੱਤ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਅਜਿਹਾ ਕਰਨ ਲਈ ਸੂਬੇ ਦਾ ਸ਼ੇਅਰ ਤੁਰੰਤ ਰਿਲੀਜ਼ ਕੀਤਾ ਜਾਵੇ। ਇਸ ’ਤੇ 3.20 ਕਰੋੜ ਰੁਪਏ ਦਾ ਖਰਚ ਆਏਗਾ। ਹੋਰ ਮਹੱਤਵਪੂਰਨ ਫ਼ੈਸਲਾ ਕਰਦੇ ਹੋਏ ਮੁੱਖ ਮਤੰਰੀ ਨੇ ਸਿਹਤ ਵਿਭਾਗ ’ਚ 3400 ਦੇ ਕਰੀਬ ਅਸਾਮੀਆਂ ’ਤੇ ਭਰਤੀ ਕਰਨ ਲਈ ਵੀ ਮਨਜ਼ੂਰੀ ਦੇ ਦਿੱਤੀ। ਉਨ੍ਹਾਂ ਨੇ ਵਿਭਾਗ ਨੂੰ ਆਂਗਨਵਾੜੀ, ਆਸ਼ਾ ਵਰਕਰ ਤੇ ਸਿਹਤ ਮੁਲਾਜ਼ਮਾਂ ਦੀ ਭਰਤੀ ਲਈ ਕੈਬਨਿਟ ’ਚ ਏਜੰਡਾ ਲਿਆਉਣ ਬਾਰੇ ਵੀ ਨਿਰਦੇਸ਼ ਦਿੱਤੇ। ਉਨ੍ਹਾਂ ਐਲਾਨ ਕੀਤਾ ਕਿ ਉਹ ਛੇਤੀ ਹੀ ਹੁਸ਼ਿਆਰਪੁਰ ਤੇ ਕਪੂਰਥਲਾ ’ਚ ਬਣਨ ਵਾਲੇ ਮੈਡੀਕਲ ਕਾਲਜ ਦਾ ਵੀ ਨੀਂਹ ਪੱਥਰ ਰੱਖਣਗੇ। ਉਨ੍ਹਾਂ ਇਹ ਐਲਾਨ ਕੀਤਾ ਕਿ ਸੰਗਰੂਰ ’ਚ ਵੀ ਮੈਡੀਕਲ ਕਾਲਜ ਸਥਾਪਤ ਕੀਤਾ ਜਾਵੇਗਾ ਜਿਸਦਾ 100 ਫ਼ੀਸਦੀ ਖਰਚ ਸੂਬਾ ਸਰਕਾਰ ਕਰੇਗੀ। ਇਨ੍ਹਾਂ ਮੈਡੀਕਲ ਕਾਲਜਾਂ ਦੇ ਬਣਨ ਨਾਲ ਪੰਜਾਬ ’ਚ ਮੈਡੀਕਲ ਸਿੱਖਿਆ ਤੇ ਖੋਜ ਦੇ ਖੇਤਰ ’ਚ ਮਦਦ ਮਿਲੇਗੀ।