
ਮਨੁੱਖਤਾ ਦੀ ਸੇਵਾ ਹੀ ਸਭ ਤੋਂ ਵੱਡਾ ਧਰਮ ਹੈ, ਜਿਸ ਮਨੁੱਖ ਨੂੰ ਵੀ ਅੱਲ੍ਹਾ ਨੇ ਦੁਨੀਆ ਵਿੱਚ ਭੇਜਿਆ ਹੈ ਉਸਨੂੰ ਕੇਵਲ ਆਪਣੀ ਇਬਾਦਤ ਅਤੇ ਸਮਾਜ ਵਿੱਚ ਰਹਿੰਦੇ ਲੋਕਾਂ ਦੀ ਸੇਵਾ ਕਰਨ ਲਈ ਹੀ ਪ੍ਰੇਰਿਤ ਕੀਤਾ ਹੈ । ਅਜਿਹੀ ਭਾਵਨਾ ਨੂੰ ਲੈ ਕੇ ਮਲੇਰਕੋਟਲਾ ਦੇ ਇਲਾਕਾ ਕਿਲਾ ਰਹਿਮਤਗੜ੍ਹ ਦੇ ਰਹਿਣ ਵਾਲੇ ਮਹਿਮੂਦ ਉਲ ਹੱਕ ਜਿਨ੍ਹਾਂ ਨੂੰ ਅਕਸਰ ਨੌਜਵਾਨ ‘ਤਾਇਆ ਜੀ’ ਕਹਿਕੇ ਬੁਲਾਉਂਦੇ ਸਨ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਕੇ ਆਪਣਾ ਜ਼ਿੰਦਗੀ ਦਾ ਸਫਰ ਪੂਰਾ ਕਰਕੇ ਅੱਜ ਦੇ ਦਿਨ ਚਲੇ ਗਏ । ਉਹ ਬਹੁਤ ਹੀ ਹਸਮੁੱਖ ਅਤੇ ਮਿਲਣਸਾਰ ਸੁਭਾਅ ਦੇ ਮਾਲਿਕ ਸਨ । ਉਹ ਆਪ ਤਾਂ ਇਸ ਦੁਨੀਆ ਤੋਂ ਚਲੇ ਗਏ ਪਰੰਤੂ ਉਨਾਂ ਦੇ ਕੀਤੇ ਕੰਮ ਅੱਜ ਵੀ ਯਾਦ ਕੀਤੇ ਜਾਂਦੇ ਹਨ । ਉਨਾਂ ਦੇ ਜਾਣ ਦਾ ਘਾਟਾ ਸਿਰਫ ਪਰੀਵਾਰ ਨੂੰ ਹੀ ਨਹੀਂ ਬਲਿਕ ਪੂਰੇ ਸਮਾਜ ਨੂੰ ਪਿਆ ਹੈ ਕਿਉਂਕਿ ਅਜਿਹੇ ਉਦਮੀ ਪੁਰਖ ਜੋ ਸਮਾਜ ਲਈ ਜਿਉਂਦੇ ਹਨ ਦੁਨੀਆ ‘ਚ ਘੱਟ ਹੀ ਮਿਲਦੇ ਹਨ।
ਮਹਿਮੂਦ ਉਲ ਹੱਕ ਆਪਣੇ ਜੀਵਨ ਵਿੱਚ ਖੁਦ ਇੱਕ ਸਰਕਾਰੀ ਮੁਲਾਜ਼ਮ ਹੋਣ ਦੇ ਨਾਲ-ਨਾਲ ਸਮਾਜ ਸੇਵਾ ਦੇ ਕੰਮਾਂ ‘ਚ ਵਿਸ਼ੇਸ ਰੁਚੀ ਰੱਖਦੇ ਸੀ ਖਾਸਤੌਰ ਨੌਜਵਾਨ ਪੀੜ੍ਹੀ ਨੂੰ ਚੰਗੇ ਕੰਮਾਂ ਦੀ ਤਰਫ ਪ੍ਰੇਰਿਤ ਕਰਨਾ ਉਨਾਂ ਦਾ ਮੁੱਖ ਮੰਤਵ ਸੀ । ਉਨ੍ਹਾਂ ਨੇ 24 ਅਗਸਤ 1994 ਨੌਜਵਾਨਾਂ ਦੀ ਇਕੱਤਰਤਾ ਕਰਕੇ ਇੱਕ ਸਮਾਜ ਸੇਵੀ ਸੰਸਥਾ ਯੂਥ ਕਲੱਬ ਕਿਲਾ ਰਹਿਮਤਗੜ੍ਹ ਦੇ ਨਾਮ ‘ਤੇ ਬਣਾਈ । ਉਸ ਸਮੇਂ ਕਿਸੇ ਨੇ ਇਹ ਸੋਚਿਆ ਵੀ ਨਹੀਂ ਸੀ ਕਿ ਕੇਵਲ ਮਨੋਰੰਜਨ ਅਤੇ ਅਦਬੀ ਪ੍ਰੋਗਰਾਮਾਂ ਤੋਂ ਇਲਾਵਾ ਇਹ ਸੰਸਥਾ ਨੂੰ ਇਲਾਕੇ ਦੀ ਨੁਹਾਰ ਸੰਵਾਰਨ ਅਤੇ ਪੱਛੜਾਪਣ ਦੂਰ ਕਰਨ ਲਈ ਇਲਾਕੇ ਦੇ ਵੱਡੇ-ਵੱਡੇ ਕੰਮ ਆਪਣੇ ਹੱਥੀਂ ਕਰਵਾਏਗੀ । ਹਿੰਮਤੀ ਅਤੇ ਰੌਸ਼ਨ ਖਿਆਲ ਸਾਥੀਆਂ ਦੀ ਮਿਹਨਤ ਸਦਕਾ ਅਨਪੜ੍ਹ ਨੌਜਵਾਨਾਂ ਜੋ ਕਾਰਖਾਨਿਆਂ ‘ਚ ਮਜ਼ਦੂਰੀ ਕਰਕੇ ਆਪਣਾ ਪਰੀਵਾਰ ਪਾਲਦੇ ਸਨ ਨੂੰ ਪੜਾਉਣ ਲਈ ਬਾਲਗ ਸਿੱਖਿਆ ਕੇਂਦਰ ਸਥਾਪਿਤ ਕੀਤਾ । ਉਸ ਸਮੇਂ ਇਲਾਕੇ ‘ਚ ਲੜਕੀਆਂ ਦੀ ਸਿੱਖਿਆ ਨਾ ਮਾਤਰ ਸੀ ਉਨਾਂ ਲਈ ਉਦਮੀ ਪੜ੍ਹੇਲਿਖੇ ਨੌਜਵਾਨਾਂ ਨੂੰ ਨਾਲ ਲੈ ਕੇ ਇਸਲਾਮੀਆ ਗਰਲਜ਼ ਸਕੂਲ ਸ਼ੁਰੂ ਕਰਵਾਇਆ ਜੋ ਅੱਜ ਇਸਲਾਮੀਆ ਸੀਨੀਅਰ ਸੈਕੰਡਰੀ ਸਕੂਲ ਬਣ ਚੁੱਕਾ ਹੈ ਅਤੇ ਹਰ ਸਾਲ ਇਸ ਦੀਆਂ ਲੜਕੀਆਂ ਸਟੇਟ ਮੈਰਿਟ ਵਿੱਚ ਆਪਣਾ ਨਾਮ ਦਰਜ ਕਰਵਾਉਂਦੀਆਂ ਹਨ । ਸਫਾਈ ਕੈਂਪ ਲਗਵਾ ਕੇ ਇਲਾਕੇ ਦੀ ਨੁਹਾਰ ਬਦਲਣ ਦੀ ਪਹਿਲ ਕੀਤੀ, ਮੈਡੀਕਲ ਕੈਂਪ ਲਗਵਾ ਕੇ ਲੋਕਾਂ ਨੂੰ ਰਾਹਤ ਦਿੱਤੀ । ਕਿਲਾ ਰਹਿਮਤਗੜ ਦੇ ਮੁੱਖ ਦੁਆਰ ਤੇ ਪਈ ਖਾਲੀ ਜ਼ਮੀਨ ਜੋ ਗੰਦਗੀ ਦੇ ਢੇਰਾਂ ਨਾਲ ਭਰੀ ਹੋਣ ਕਾਰਨ ਬਿਮਾਰੀਆਂ ਨੂੰ ਦਾਅਵਤ ਦੇ ਰਹੀ ਸੀ ਨੂੰ ਸਫਾਈ ਕਰਕੇ ਨਗਰ ਕੌਂਸਲ ਦੇ ਸਹਿਯੋਗ ਨਾਲ ਕਮਿਯੂਨਿਟੀ ਸੈਂਟਰ ਬਣਵਾਇਆ । ਸੱਭਿਆਚਾਰਕ ਗਤੀਵਿਧੀਆਂ ਦੇ ਨਾਲ-ਨਾਲ ਮਹਿਮੂਦ ਉਲ ਹੱਕ ਦੀ ਸੂਝਬੂਝ ਨਾਲ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਕਮਿਯੂਨਿਟੀ ਸੈਂਟਰ ਦੇ ਨਾਲ ਮਿਨੀ ਸਟੇਡਿਅਮ ਤਿਆਰ ਕਰਵਾਇਆ ਜਿੱਥੇ ਉਨ੍ਹਾਂ ਦੀ ਯਾਦ ‘ਚ ਹਰ ਸਾਲ ਸਟੇਟ ਪੱਧਰੀ ਡੇ-ਨਾਈਟ ਫੁੱਟਬਾਲ ਟੂਰਨਾਮੈਂਟ ਕਰਵਾਇਆ ਜਾਂਦਾ ਹੈ । ਕਲੱਬ ਦੀਆਂ ਯਾਦਾਂ ਨੂੰ ਹੋਰ ਅੱਗੇ ਵਧਾਉਂਦੇ ਹੋਏ 1996 ‘ਚ ਮਰਹੂਮ ਮਹਿਮੂਦ ਉਲ ਹੱਕ ਦੀ ਸਰਪ੍ਰਸਤੀ ‘ਚ ਇੱਕ ਸ਼ਾਨਦਾਰ ਸੋਵੀਨੀਅਰ ਰਿਲੀਜ਼ ਕੀਤਾ ਗਿਆ ।
ਬੇਸ਼ੁਮਾਰ ਖੂਬੀਆਂ ਦੇ ਮਾਲਕ ਸਨ ਤਾਇਆ ਜੀ । ਅਸੀਂ ਸਾਰੇ ਕਲੱਬ ਮੈਂਬਰ, ਪਰੀਵਾਰ, ਸਨੇਹੀ ਅੱਜ ਵਿਸ਼ੇਸ ਤੌਰ ਤੇ ਅੱਲ੍ਹਾ ਪਾਕ ਅੱਗੇ ਇਹੀ ਦੁਆ ਕਰਦੇ ਹਾਂ ਕਿ ਮਹਿਮੂਦ ਉਲ ਹੱਕ ਸਾਹਿਬ ਨੂੰ ਅੱਲ੍ਹਾ ਦੀ ਕਚਿਹਰੀ ‘ਚ ਜੰਨਾ-ਉਲ-ਫਿਰਦੋਸ਼ ਵਿੱਚ ਸਥਾਨ ਮਿਲੇ ਅਤੇ ਸਕੂਨ ਪ੍ਰਾਪਤ ਹੋਵੇ-ਆਮੀਨ । ਬੇਸ਼ੱਕ! ਅੱਜ ਉਹ ਸਾਡੇ ਦਰਮਿਆਨ ਨਹੀਂ ਹਨ ਪਰੰਤੂ ਉਨਾਂ ਦੀਆਂ ਯਾਦਾਂ ਹਮੇਸ਼ਾ ਸਾਡੇ ਨਾਲ ਰਹਿਣਗੀਆਂ ।