India

ਫ਼ੌਜ ਮੁਖੀ ਨਰਵਾਣੇ ਬੋਲੇ – ਸਮਝੌਤਾ ਹੋਣ ਤਕ ਚੀਨ ਨਾਲ ਸਰਹੱਦੀ ਇਲਾਕਿਆਂ ‘ਚ ਜਾਰੀ ਰਹੇਗਾ ਵਿਵਾਦ

ਨਵੀਂ ਦਿੱਲੀ –  ਫ਼ੌਜ ਮੁਖੀ ਜਨਰਲ ਐੱਮਐੱਮ ਨਰਵਾਣੇ ਨੇ ਵੀਰਵਾਰ ਨੂੰ ਕਿਹਾ ਕਿ ਜਦੋਂ ਤਕ ਭਾਰਤ ਤੇ ਚੀਨ ਵਿਚਾਲੇ ਸਰਹੱਦੀ ਸਮਝੌਤਾ ਨਹੀਂ ਹੋ ਜਾਂਦਾ, ਉਦੋਂ ਤਕ ਦੋਵਾਂ ਦੇਸ਼ਾਂ ਵਿਚਾਲੇ ਸਰਹੱਦ ’ਤੇ ਘਟਨਾਵਾਂ ਹੁੰਦੀਆਂ ਰਹਿਣਗੀਆਂ। ਪੀਐੱਚਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਦੇ ਇਕ ਪ੍ਰੋਗਰਾਮ ’ਚ ਜਨਰਲ ਨਰਵਾਣੇ ਨੇ ਕਿਹਾ, ‘ਸਾਡੇ ਵਿਚਾਲੇ ਸਰਹੱਦ ਦਾ ਮੁੱਦਾ ਲੰਬਿਤ ਹੈ। ਕਿਸੇ ਵੀ ਤਰ੍ਹਾਂ ਦੀ ਹਿਮਾਕਤ ਹੋ ਸਕਦੀ ਹੈ ਅਤੇ ਅਸੀਂ ਉਸ ਨਾਲ ਨਜਿੱਠਣ ਲਈ ਫਿਰ ਤਿਆਰ ਹਾਂ ਜਿਵੇਂ ਕਿ ਅਸੀਂ ਅਤੀਤ ਵਿਚ ਦਿਖਾ ਚੁੱਕੇ ਹਾਂ। ਅਜਿਹੀਆਂ ਘਟਨਾਵਾਂ ਉਦੋਂ ਤਕ ਹੁੰਦੀਆਂ ਰਹਿਣਗੀਆਂ, ਜਦੋਂ ਤਕ ਕੋਈ ਲੰਬੇ ਸਮੇਂ ਦਾ ਹੱਲ ਨਹੀਂ ਹੋ ਜਾਂਦਾ ਅਤੇ ਉਹ ਹੈ ਸਰਹੱਦੀ ਸਮਝੌਤਾ। ਸਾਡੀਆਂ ਸਾਰੀਆਂ ਕੋਸ਼ਿਸ਼ਾਂ ਇਸੇ ਦਿਸ਼ਾ ਵਿਚ ਹੋਣੀਆਂ ਚਾਹੀਦੀਆਂ ਹਨ ਤਾਂ ਕਿ ਉੱਤਰੀ (ਚੀਨ ਨਾਲ ਲੱਗਦੀ) ਸਰਹੱਦ ’ਤੇ ਸਥਾਈ ਸ਼ਾਂਤੀ ਹੋ ਸਕੇ।’ ਅਫ਼ਗਾਨਿਸਤਾਨ ਦੇ ਬਾਰੇ ’ਚ ਫ਼ੌਜ ਮੁਖੀ ਨੇ ਕਿਹਾ ਕਿ ਹਾਲੀਆ ਘਟਨਾਕ੍ਰਮਾਂ ’ਤੇ ਨਿਸ਼ਚਿਤ ਰੂਪ ਨਾਲ ਫ਼ੌਜ ਦਾ ਧਿਆਨ ਹੈ। ਉਹ ਲਗਾਤਾਰ ਖ਼ਤਰੇ ਦਾ ਮੁਲਾਂਕਣ ਕਰ ਰਹੀ ਹੈ ਅਤੇ ਉਸ ਮੁਤਾਬਕ ਰਣਨੀਤੀਆਂ ਬਣਾ ਰਹੀ ਹੈ। ਜਿੱਥੋਂ ਤਕ ਅੱਤਵਾਦੀ ਖ਼ਤਰੇ ਦਾ ਸਬੰਧ ਹੈ ਤਾਂ ਭਾਰਤੀ ਫ਼ੌਜ ਸਾਰੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ’ਚ ਸਾਡਾ ਬੇਹੱਦ ਗਤੀਸ਼ੀਲ ਅੱਤਵਾਦ ਰੋਕੂ ਗਰਿੱਡ ਹੈ ਜਿਹੜਾ ਖ਼ਤਰੇ ਦੇ ਮੁਲਾਂਕਣ ਅਤੇ ਸਾਡੇ ਪੱਛਮੀ ਗੁਆਂਢੀ ਦੀਆਂ ਅੱਤਵਾਦੀਆਂ ਦੀ ਘੁਸਪੈਠ ਕਰਵਾਉਣ ਦੀਆਂ ਕੋਸ਼ਿਸ਼ਾਂ ਦੇ ਵਧਦੇ ਪੱਧਰ ’ਤੇ ਅਧਾਰਤ ਹੈ। ਜਨਰਲ ਨਰਵਾਣੇ ਨੇ ਕਿਹਾ ਕਿ ਇਸ ਵਿਚ ਉਤਾਰ-ਚੜ੍ਹਾਅ ਦੇ ਆਧਾਰ ’ਤੇ ਅਸੀਂ ਆਪਣੀਆਂ ਮੁਹਿੰਮਾਂ ਦੇ ਪੱਧਰ ’ਚ ਵੀ ਬਦਲਾਅ ਕਰਦੇ ਹਾਂ। ਪੂਰਬੀ ਲੱਦਾਖ ’ਚ ਅਸਲ ਕੰਟਰੋਲ ਰੇਖਾ (ਐੱਲਏਸੀ) ’ਤੇ ਘਟਨਾਕ੍ਰਮਾਂ ਨੇ ਸਾਡੇ ਪੱਛਮੀ ਅਤੇ ਪੂਰਬੀ ਮੋਰਚੇ ’ਤੇ ਸਾਡੀ ਸਰਗਰਮ ਅਤੇ ਵਿਵਾਦਤ ਸਰਹੱਦਾਂ ’ਤੇ ਜਾਰੀ ਚੁਣੌਤੀਆਂ ਨੂੰ ਵਧਾ ਦਿੱਤਾ ਹੈ। ਰੱਖਿਆ ਤਕਨੀਕ ਦੇ ਖੇਤਰ ਵਿਚ ਤੇਜ਼ੀ ਨਾਲ ਹੋ ਰਹੇ ਵਿਕਾਸ ਦੇ ਬਾਰੇ ਵਿਚ ਬੋਲਦੇ ਹੋਏ ਜਨਰਲ ਨਰਵਾਣੇ ਨੇ ਕਿਹਾ ਕਿ ਅਪ੍ਰਚਲਿਤ ਹੋ ਚੁੱਕੀ ਤਕਨੀਕ ਤੋਂ ਬਚਣਾ ਇਕ ਵੱਡੀ ਚੁਣੌਤੀ ਬਣੀ ਹੋਈ ਹੈ। ਸਾਡੀ ਲੰਬੀ ਖ਼ਰੀਦ ਪ੍ਰਕਿਰਿਆ ਅਤੇ ਨੌਕਰਸ਼ਾਹੀ ਦੇ ਅੜਿੱਕੇ ਸਾਨੂੰ ਅਤਿ-ਆਧੁਨਿਕ ਤਕਨੀਕ ਹਾਸਲ ਕਰਨ ਤੋਂ ਰੋਕਦੇ ਹਨ ਅਤੇ ਇਹ ਅਸਲ ਖ਼ਤਰਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਕਾਰੋਬਾਰੀ ਸੁਗਮਤਾ ਦੇ ਟੀਚੇ ਦੇ ਨਾਲ-ਨਾਲ ਵਿਵਸਥਾਗਤ ਬਦਲਾਅ ਲਿਆਉਣ ਲਈ ਕਾਫ਼ੀ ਕੰਮ ਕੀਤਾ ਗਿਆ ਹੈ ਅਤੇ ਇਹ ਨਿਰੰਤਰ ਜਾਰੀ ਹੈ। ਹਾਲੇ ਵੀ ਪੁਰਾਣੇ ਨਿਯਮ ਅਤੇ ਪ੍ਰਕਿਰਿਆਵਾਂ ਹਨ ਜਿਹੜੀਆਂ ਤਰਕ ਨੂੰ ਨਕਾਰਦੀਆਂ ਹਨ।

Related posts

ਕੇਂਦਰੀ ਹਥਿਆਰਬੰਦ ਬਲਾਂ ‘ਚ 84 ਹਜ਼ਾਰ ਤੋਂ ਵੱਧ ਭਰਤੀਆਂ ਹੋਣਗੀਆਂ, ਕੇਂਦਰ ਸਰਕਾਰ ਨੇ 2023 ਤਕ ਦਾ ਰੱਖਿਆ ਟੀਚਾ

Bunty

ਅਮਰੀਕਾ ‘ਚ ਕਾਰ ਹਾਦਸੇ ‘ਚ ਦੋ ਭਾਰਤੀ ਨੌਜਵਾਨਾਂ ਦੀ ਮੌਤ

Bunty

ਹਿਮਾਚਲ ਦੇ ਇਸ ਸੈਰ-ਸਪਾਟਾ ਸਥਾਨ ‘ਤੇ ਇਸ ਮਹੀਨੇ ਹੁੰਦੀ ਹੈ ਬਰਫ਼ਬਾਰੀ, ਸੈਲਾਨੀ ਆਸਾਨੀ ਨਾਲ ਪਹੁੰਚ ਸਕਦੇ ਹਨ ਬਰਫ਼ੀਲੇ ਮੈਦਾਨਾਂ ਤਕ

Bunty