Punjab

ਬਹਿਬਲ ਕਲਾਂ ਗੋਲੀਕਾਂਡ ‘ਚ ਨਾਮਜ਼ਦ ਸਾਬਕਾ ਡੀਜੀਪੀ ਸੁਮੇਧ ਸੈਣੀ ਤੇ ਸਾਬਕਾ ਆਈਜੀ ਉਮਰਾਨੰਗਲ ਦੀ ਅਪੀਲ ਰੱਦ

ਫ਼ਰੀਦਕੋਟ – ਬਹਿਬਲ ਕਲਾਂ ਗੋਲੀਕਾਂਡ ਵਿਚ ਨਾਮਜ਼ਦ ਸਾਬਕਾ ਡੀਜੀਪੀ ਸੁਮੇਧ ਸੈਣੀ ਤੇ ਸਾਬਕਾ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਵੱਲੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਲਾਈ ਅਪੀਲ ਜਿਸ ਦੀ ਪੈਰਵੀ ਸਪੈਸ਼ਲ ਪ੍ਰਾਸੀਕਿਊਟਰ ਆਰ.ਐੱਸ. ਬੈਂਸ ਨੇ ਕੀਤੀ, ਰੱਦ ਹੋ ਗਈ ਹੈ। ਇਹ ਗੱਲ ਰਾਜ ਸਰਕਾਰ ਦੇ ਪੱਖ ਵਿਚ ਗਈ ਹੈ ਕਿ ਹੁਣ ਇਸ ਮਾਮਲੇ ਦੀ ਸੁਣਵਾਈ ਹੇਠਲੀ ਅਦਾਲਤ ਵਿਚ ਜਾਰੀ ਰਹੇਗੀ ਅਤੇ ਅਗਲੀ ਸੁਣਵਾਈ ਹਾਈ ਕੋਰਟ ’ਚ ਤੈਅ ਕੀਤੀ ਗਈ 2 ਦਸੰਬਰ ਨੂੰ ਹੋਵੇਗੀ। ਦੱਸਣਯੋਗ ਹੈ ਕਿ ਨਵੀਂ ਐੱਸਆਈਟੀ ਦੇ ਗਠਨ ਨਾਲ ਜਾਂਚ ਮੁੜ ਤੋਂ ਸ਼ੁਰੂ ਹੋਣ ਨਾਲ ਬੇਸ਼ੱਕ ਕੋਟਕਪੂਰਾ ਤੇ ਬਹਿਬਲ ਕਲਾਂ ਗੋਲੀਕਾਂਡ ਦੀ ਜਾਂਚ ਪ੍ਰਭਾਵਤ ਹੋਈ ਹੈ। ਇਸ ਮਾਮਲੇ ਵਿਚ ਨਾਮਜ਼ਦ ਪੁਲਿਸ ਅਧਿਕਾਰੀਆਂ ਵੱਲੋਂ ਹੇਠਲੀਆਂ ਅਦਾਲਤਾਂ ਵਿਚ ਚੱਲ ਰਹੀ ਕਾਰਵਾਈ ’ਤੇ ਸਟੇਅ ਲਾਉਣ ਲਈ ਕੀਤੀ ਅਪੀਲ ਦੇ ਖ਼ਾਰਜ ਹੋਣ ਨਾਲ ਸਰਕਾਰ ਨੂੰ ਰਾਹਤ ਮਿਲੀ ਹੈ। ਦੂਜੇ ਪਾਸੇ ਬੇਅਦਬੀ ਮਾਮਲਿਆਂ ਨਾਲ ਜੁੜੇ ਗੋਲੀਕਾਂਡ ਵਿਚ ਨਾਮਜ਼ਦ ਸਾਬਕਾ ਐੱਸਐੱਸਪੀ ਚਰਨਜੀਤ ਸ਼ਰਮਾ ਨੇ ਨਿੱਜੀ ਚੈਨਲ ਨਾਲ ਗੱਲਬਾਤ ਕਰਦਿਆਂ ਲਾਈਵ ਡਿਟੈਕਟਰ ਟੈਸਟ ਕਰਵਾਉਣ ਲਈ ਸਹਿਮਤੀ ਦੇ ਦਿੱਤੀ ਹੈ। ਉਨ੍ਹਾਂ ਇਹ ਮੰਗ ਕੀਤੀ ਹੈ ਕਿ ਇਹ ਟੈਸਟ ਲਾਈਵ ਹੋਣਾ ਚਾਹੀਦਾ ਹੈ ਤਾਂ ਜੋ ਸਾਰੇ ਲੋਕਾਂ ਨੂੰ ਚਾਨਣਾ ਹੋ ਸਕੇ। ਸ਼ਰਮਾ ਨੇ ਕਿਹਾ ਕਿ ਸਰੀਰਕ ਸਮੱਸਿਆਵਾਂ ਹੋਣ ਕਾਰਨ ਪਹਿਲਾਂ ਉਨ੍ਹਾਂ ਸਹਿਮਤੀ ਨਹੀਂ ਦਿੱਤੀ ਸੀ ਪਰ ਹੁਣ ਪੂਰੇ ਮਾਮਲੇ ਦੀ ਸਫ਼ਾਈ ਸਾਹਮਣੇ ਲਿਆਉਣ ਲਈ ਉਹ ਆਪਣੀ ਜਾਨ ਜੋਖ਼ਮ ਵਿਚ ਪਾਉਣ ਲਈ ਤਿਆਰ ਹਨ। ਉਨ੍ਹਾਂ ਨੇ ਕੁੰਵਰ ਵਿਜੈ ਪ੍ਰਤਾਪ ਸਿੰਘ ਦਾ ਵੀ ਲਾਈ ਡਿਟੈਕਟਰ ਟੈਸਟ ਕਰਵਾਉਣ ਦੀ ਮੰਗ ਕੀਤੀ ਤਾਂ ਜੋ ਉਨ੍ਹਾਂ ਵੱਲੋਂ ਕੀਤੀ ਗਈ ਜਾਂਚ ਦੇ ਮਾਪਦੰਡਾਂ ਦਾ ਪਤਾ ਲਾਇਆ ਜਾ ਸਕੇ।

Related posts

ਪੰਜਾਬ ਭਰ ਵਿੱਚ ਹੜ੍ਹ ਵਰਗੀ ਸੰਭਾਵੀ ਸਥਿਤੀ ਨਾਲ ਨਜਿੱਠਣ ਲਈ ਪੁਖ਼ਤਾ ਪ੍ਰਬੰਧ: ਗੋਇਲ

admin

ਸ਼੍ਰੋਮਣੀ ਅਕਾਲੀ ਦਲ ਵਲੋਂ 33 ਜ਼ਿਲ੍ਹਾ (ਸ਼ਹਿਰੀ ਤੇ ਦਿਹਾਤੀ) ਪ੍ਰਧਾਨ ਨਿਯੁਕਤ !

admin

ਮੁੜ ਉਤਸ਼ਾਹਿਤ ਹੋਣਗੀਆਂ ਬੈਲਗੱਡੀਆਂ ਦੀਆਂ ਦੌੜਾਂ ਤੇ ਪੇਂਡੂ ਰਵਾਇਤੀ ਖੇਡਾਂ: ਚੀਮਾ

admin