ਮੈਲਬੌਰਨ – ਆਸਟ੍ਰੇਲੀਆ ਅਤੇ ਭਾਰਤ ਦੇ ਵਿਦੇਸ਼ ਅਤੇ ਰੱਖਿਆ ਮੰਤਰੀਆਂ ਦੇ ਵਿੱਚਕਾਰ 2+2 ਮੀਟਿੰਗ ਦੇ ਲਈ ਆਸਟ੍ਰੇਲੀਆ ਦੇ ਵਿਦੇਸ਼ ਅਤੇ ਰੱਖਿਆ ਮੰਤਰੀ ਇਸ ਵੇਲੇ ਭਾਰਤ ਦੇ ਦੌਰੇ ‘ਤੇ ਹਨ। ਵਿਦੇਸ਼ ਮੰਤਰੀ ਮੈਰਿਸ ਪੇਨ ਅਤੇ ਰੱਖਿਆ ਮੰਤਰੀ ਪੀਟਰ ਡਟਨ ਭਾਰਤ ਵਿੱਚ ਆਪਣੇ ਹਮਰੁਤਬਾ, ਵਿਦੇਸ਼ ਮੰਤਰੀ ਐਸ ਜੈਸ਼ੰਕਰ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਮਿਲਣਗੇ। ਦੋ ਦੇਸ਼ਾਂ ਦੇ ਦੋ ਮੰਤਰੀਆਂ ਦੀ ਮੀਟਿੰਗ ਨੂੰ 2+2 ਮੀਟਿੰਗ ਕਿਹਾ ਜਾਂਦਾ ਹੈ। ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਇਸ ਤਰ੍ਹਾਂ ਦੀ ਇਹ ਪਹਿਲੀ ਮੀਟਿੰਗ ਹੈ।
ਆਸਟ੍ਰੇਲੀਆ ਆਪਣੇ ਖੇਤਰੀ ਭਾਈਵਾਲਾਂ ਨੂੰ ਮਿਲਣ ਜਾ ਰਿਹਾ ਹੈ ਅਤੇ ਇਸ ਲੜੀ ਦੇ ਵਿੱਚ ਦੋਵੇਂ ਆਸਟ੍ਰੇਲੀਅਨ ਮੰਤਰੀ ਭਾਰਤ ਤੋਂ ਇਲਾਵਾ ਇੰਡੋਨੇਸ਼ੀਆ, ਦੱਖਣੀ ਕੋਰੀਆ ਅਤੇ ਅਮਰੀਕਾ ਦਾ ਦੌਰਾ ਵੀ ਕਰਨਗੇ। ਇਸ ਦੌਰੇ ਦੌਰਾਨ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਸਥਿਰਤਾ ਬਣਾਈ ਰੱਖਣ ਲਈ ਗੱਲਬਾਤ ਕੀਤੀ ਜਾਵੇਗੀ। ਚਾਰ ਦੇਸ਼ਾਂ ਦੇ ਦੌਰੇ ਤੋਂ ਪਹਿਲਾਂ, ਆਸਟ੍ਰੇਲੀਆ ਦੀ ਵਿਦੇਸ਼ ਮੰਤਰੀ ਮੈਰੀਸ ਪੇਨ ਨੇ ਕਿਹਾ ਕਿ ਹਿੰਦ-ਪ੍ਰਸ਼ਾਂਤ ਖੇਤਰ ਨੂੰ ਸੁਰੱਖਿਅਤ, ਸਥਿਰ ਅਤੇ ਖੁਸ਼ਹਾਲ ਰੱਖਣ ਲਈ ਆਸਟ੍ਰੇਲੀਆ ਅਤੇ ਭਾਰਤ ਦੀ ਸਾਂਝੀ ਵਚਨਬੱਧਤਾ ਦੇ ਅਧਾਰ ‘ਤੇ ਦੋਵਾਂ ਦੇਸ਼ਾਂ ਦੀ 2+2 ਰਣਨੀਤਕ ਮੀਟਿੰਗਾਂ ਦੀ ਸ਼ੁਰੂਆਤ ਹੈ ਅਤੇ ਇਹ ਇੱਕ ਬਹੁਤ ਵੱਡਾ ਕਦਮ ਹੈ।
ਦੋਹਾਂ ਦੇਸ਼ਾਂ ਦੇ ਵਿਚਕਾਰ ਦੁਵੱਲੇ ਸਬੰਧ ਮੌਜੂਦਾ ਸਮੇਂ ਵਿੱਚ ਸਭ ਤੋਂ ਵਧੀਆ ਹਨ। ਪੇਨ ਅਤੇ ਜੈਸ਼ੰਕਰ ਦਰਮਿਆਨ ਮੀਟਿੰਗ ਵਿੱਚ ਆਰਥਿਕ ਮੁੱਦਿਆਂ, ਸਾਈਬਰ ਸੁਰੱਖਿਆ, ਜਲਵਾਯੂ ਪਰਿਵਰਤਨ, ਜ਼ਰੂਰੀ ਤਕਨਾਲੋਜੀ ਅਤੇ ਸਪਲਾਈ ਲੜੀ ‘ਤੇ ਚਰਚਾ ਹੋਵੇਗੀ। ਇਸ ਦੇ ਨਾਲ ਹੀ ਆਸਟ੍ਰੇਲੀਆ ਦੇ ਰੱਖਿਆ ਮੰਤਰੀ ਡਟਨ ਰਾਜਨਾਥ ਸਿੰਘ ਨਾਲ ਰੱਖਿਆ ਖੇਤਰ ਵਿੱਚ ਭਾਈਵਾਲੀ ਬਾਰੇ ਗੱਲ ਕਰਨਗੇ।