ਇਸਲਾਮਾਬਾਦ – ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਇਕ ਹਸਪਤਾਲ ’ਚ ਦਾਖ਼ਲ ਪਾਕਿਸਤਾਨ ਦੇ ਸਾਬਕਾ ਫ਼ੌਜੀ ਤਾਨਾਸ਼ਾਹ ਪਰਵੇਜ਼ ਮੁਸ਼ੱਰਫ ਦੀ ਹਾਲਤ ਗੰਭੀਰ ਬਣੀ ਹੋਈ ਹੈ। ਉਨ੍ਹਾਂ ਦੀ ਸਿਹਤ ’ਚ ਕੋਈ ਸੁਧਾਰ ਨਹੀਂ ਹੋ ਰਿਹਾ। ਉਨ੍ਹਾਂ ਨੂੰ ਏਅਰ ਐਂਬੂਲੈਂਸ ਰਾਹੀਂ ਸਵਦੇਸ਼ ਲਿਆਂਦਾ ਜਾ ਸਕਦਾ ਹੈ।
ਮੀਡੀਆ ਦੀ ਇਕ ਰਿਪੋਰਟ ’ਚ ਮੰਗਲਵਾਰ ਨੂੰ ਕਿਹਾ ਗਿਆ ਕਿ ਪਾਕਿਸਤਾਨੀ ਫ਼ੌਜ ਆਪਣੇ ਸਾਬਕਾ ਜਨਰਲ ਨਾਲ ਖੜ੍ਹੀ ਹੈ। ਮੁਸ਼ੱਰਫ ਦੇ ਪਰਿਵਾਰ ਨੇ ਉਨ੍ਹਾਂ ਦੇ ਹਸਪਤਾਲ ’ਚ ਦਾਖ਼ਲ ਹੋਣ ਤੇ ਸਿਹਤ ’ਚ ਸੁਧਾਰ ਨਾ ਹੋਣ ਦੀ ਪੁਸ਼ਟੀ ਕੀਤੀ ਹੈ। ਫ਼ੌਜ ਨੇ ਮੁਸ਼ੱਰਫ ਦੇ ਪਰਿਵਾਰ ਨੂੰ ਕਿਹਾ ਹੈ ਕਿ ਉਨ੍ਹਾਂ ਦੀ ਇੱਛਾ ਹੋਣ ’ਤੇ ਪਾਕਿਸਤਾਨ ਵਾਪਸੀ ਦੀ ਸਹੂਲਤ ਦਿੱਤੀ ਜਾ ਸਕਦੀ ਹੈ। ਮੁਸ਼ੱਰਫ ਮਾਰਚ, 2016 ਤੋਂ ਦੁਬਈ ’ਚ ਹੈ। ਪਾਕਿਸਤਾਨ ’ਤੇ 1999 ਤੋਂ 2008 ਤਕ ਸ਼ਾਸਨ ਕਰਨ ਵਾਲੇ 78 ਸਾਲਾ ਮੁਸ਼ੱਰਫ ’ਤੇ ਦੇਸ਼ਧ੍ਰੋਹ ਦਾ ਮੁਕੱਦਮਾ ਚੱਲਿਆ ਸੀ। ਸੰਵਿਧਾਨ ਮੁਅੱਤਲ ਕਰਨ ਦੇ ਮਾਮਲੇ ’ਚ ਉਨ੍ਹਾਂ ਨੂੰ 2019 ’ਚ ਮੌਤ ਦੀ ਸਜ਼ਾ ਦਿੱਤੀ ਗਈ ਸੀ। ਬਾਅਦ ’ਚ ਇਹ ਸਜ਼ਾ ਮੁਅੱਤਲ ਕਰ ਦਿੱਤੀ ਗਈ ਸੀ।
