ਸ੍ਰੀ ਅਨੰਦਪੁਰ ਸਾਹਿਬ – ਖਾਲਸੇ ਦੇ ਪਾਵਨ ਅਸਥਾਨ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਈ ਬੇਅਦਬੀ ਦੀ ਘਟਨਾ ਤੋਂ ਬਾਅਦ ਸੰਗਤਾਂ ਵਲੋਂ ਰੋਸ ਪ੍ਰਗਟ ਕਰਦਿਆਂ ਤਖਤ ਸਾਹਿਬ ਦੇ ਬਿਲਕੁਲ ਸਾਹਮਣੇ ਰੋਸ ਧਰਨਾ ਦੇਣਾ ਆਰੰਭ ਕਰ ਦਿੱਤਾ ਗਿਆ ਸੀ ਜੋ ਅੱਜ ਅਰਦਾਸ ਕਰਨ ਉਪਰੰਤ ਸਮਾਪਤ ਹੋ ਗਿਆ। ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਆਗੂਆਂ ਨੇ ਦੱਸਿਆ ਕਿ ਸੰਗਤ ਵੱਲੋਂ ਕਿਰਤੀ ਸਿੱਖ ਸੰਘਰਸ਼ ਕਮੇਟੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦਾ ਗਠਨ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਸੰਗਤ ਨੇ ਗੁਰਮਤਾ ਕਰਕੇ ਪਿਛਲੇ ਦਿਨੀ ਇਹ ਨਤੀਜਾ ਕਢਿਆ ਸੀ ਕਿ ਬੇਅਦਬੀ ਦੀ ਮਾੜੀ ਘਟਨਾ ਲਈ ਜਿੱਥੇ ਬੇਅਦਬੀ ਕਰਨ ਵਾਲਾ ਦੁਸ਼ਟ ਤਾਂ ਮੁੱਖ ਦੋਸ਼ੀ ਹੈ ਹੀ ਪਰ ਇਸ ਘਟਨਾ ਲਈ ਤਖ਼ਤ ਸਾਹਿਬ ਦੇ ਪ੍ਰਬੰਧਾਂ ਦੇ ਪੱਧਰ ‘ਤੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘੁਬੀਰ ਸਿਘ, ਹਲਕੇ ਦੇ ਦੋ ਸ਼੍ਰੋਮਣੀ ਕਮੇਟੀ ਮੈਂਬਰ ਪ੍ਰਿੰਸੀਪਲ ਸੁਰਿੰਦਰ ਸਿੰਘ, ਭਾਈ ਅਮਰਜੀਤ ਸਿੰਘ ਚਾਵਲਾ, ਮੈਨੇਜਰ ਮਲਕੀਤ ਸਿੰਘ ਅਤੇ ਹੈੱਡ ਗ੍ਰੰਥੀ ਗਿਆਨੀ ਫੂਲਾ ਸਿੰਘ ਹਨ। ਸਾਡੇ ਸੰਘਰਸ਼ ਦੇ ਨਤੀਜੇ ਵਜੋਂ ਸ਼੍ਰੋਮਣੀ ਕਮੇਟੀ ਨੇ ਮੈਨੇਜਰ ਮਲਕੀਤ ਸਿੰਘ ਅਤੇ ਹੈੱਡ ਗ੍ਰੰਥੀ ਗਿਆਨੀ ਫੂਲਾ ਸਿੰਘ ਨੂੰ ਡਿਮੋਟ ਕਰਕੇ ਬਦਲੀ ਕਰ ਦਿਤੀ ਹੈ। ਜਿਸ ਕਰਕੇ ਸੰਗਤ ਮੈਨੇਜਰ ਤੇ ਹੈੱਡ ਗ੍ਰੰਥੀ ਉੱਤੇ ਕੀਤੀ ਕਾਰਵਾਈ ਤੇ ਸੰਤੁਸ਼ਟੀ ਪ੍ਰਗਟ ਕਰਦੀ ਹੈ ਪਰ ਤਖਤ ਸਾਹਿਬ ਦੇ ਪ੍ਰਬੰਧਾਂ ਲਈ ਅਸਲ ਜਿੰਮੇਵਾਰੀ ਹਲਕੇ ਦੇ ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਬਣਦੀ ਹੈ। ਇਸ ਕਰਕੇ ਕਿਰਤੀ ਸਿੱਖ ਸੰਘਰਸ਼ ਕਮੇਟੀ ਨੇ ਸੰਗਤ ਦੀ ਰਾਏ ਲੈ ਕੇ ਇਹ ਫੈਸਲਾ ਕੀਤਾ ਹੈ ਕਿ ਸ਼੍ਰੋਮਣੀ ਕਮੇਟੀ ਮੈਬਰਾਂ ਦੀ ਮੁੱਖ ਜਿੰਮੇਵਾਰੀ ਹੋਣ ਕਰਕੇ ਪ੍ਰਿੰਸੀਪਲ ਸੁਰਿੰਦਰ ਸਿੰਘ ਤੇ ਭਾਈ ਅਮਰਜੀਤ ਸਿੰਘ ਚਾਵਲਾ ਦਾ ਹਲਕੇ ਦੀਆਂ ਸੰਗਤਾਂ ਵਲੋ ਪੂਰਨ ਬਾਈਕਾਟ ਕੀਤਾ ਜਾਵੇ। ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘੁਬੀਰ ਸਿੰਘ ਬਿਮਾਰ ਹੋਣ ਕਾਰਨ ਇਲਾਜ ਕਰਵਾ ਰਹੇ ਹਨ ਜਿਸ ਕਰਕੇ ਸੰਗਤ ਦਾ ਫੈਸਲਾ ਹੈ ਕਿ ਉਹ ਠੀਕ ਹੋਣ ਤੋ ਬਾਅਦ ਸੰਗਤ ਕੋਲੋਂ ਮਾਫੀ ਮੰਗ ਲੈਣ। ਉਨ੍ਹਾਂ ਅੱਗੇ ਕਿਹਾ ਕਿ ਅਸੀਂ ਸ਼ਰੋਮਣੀ ਕਮੇਟੀ ਕੋਲੋਂ ਇਹ ਵੀ ਮੰਗ ਰੱਖਦੇ ਹਾਂ ਕਿ ਉਹ ਪ੍ਰਸ਼ਾਸਨ ਨਾਲ ਰਾਬਤਾ ਕਰਕੇ ਖਾਲਸਾ ਪੰਥ ਦੇ ਜਨਮ ਅਸਥਾਨ ਵਾਲੇ ਪਵਿਤਰ ਸ਼ਹਿਰ ਵਿਚ ਨਸ਼ਿਆਂ ਦੀਆਂ ਖੁਲੀਆਂ ਦੁਕਾਨਾਂ ਮੁੜ ਸ਼ਹਿਰ ਦੇ ਦੋਵਾਂ ਗੇਟਾਂ ਤੋ ਬਾਹਰ ਕਰਵਾਉਣ ਤਾਂ ਜੋ ਪਾਵਨ ਨਗਰੀ ਦੀ ਪਵਿਤਰਤਾ ਬਹਾਲ ਰੱਖੀ ਜਾ ਸਕੇ। ਆਗੂਆਂ ਨੇ ਇਹ ਐਲਾਨ ਕੀਤਾ ਕਿ ਬੇਅਦਬੀ ਦੇ ਇਨਸਾਫ ਲਈ ਅਸੀ ਜਿਹਨਾਂ ਮੰਗਾਂ ਨੂੰ ਲੈ ਕੇ ਮੋਰਚਾ ਵਿੱਢਿਆ ਸੀ, ਸਾਡੀਆਂ ਮੰਗਾਂ ਮੰਨ ਲਏ ਜਾਣ ਕਾਰਨ ਇਹ ਮੋਰਚਾ ਫਤਹਿ ਕਰਦੇ ਹਾਂ ਪਰ ਇਹ ਵੀ ਦੱਸ ਦੇਣਾ ਚਾਹੁੰਦੇ ਹਾਂ ਕਿ ਜੇਕਰ ਭਵਿੱਖ ਵਿਚ ਤਖਤ ਸਾਹਿਬ ਦੇ ਪ੍ਰਬੰਧਾਂ ਵਿਚ ਸਾਨੂੰ ਕੋਈ ਘਾਟ ਮਹਿਸੂਸ ਹੋਈ ਤਾਂ ਅਸੀਂ ਉਸ ਵਿਰੁੱਧ ਆਵਾਜ ਉਠਾਉਣ ਤੋ ਗੁਰੇਜ ਨਹੀਂ ਕਰਾਂਗੇ। ਅੰਤ ਵਿਚ ਉਨ੍ਹਾਂ ਸਰਕਾਰ ਤੇ ਪਰਸ਼ਾਸਨ ਨੂੰ ਵੀ ਸੁਚੇਤ ਕਰਦਿਆਂ ਕਿਹਾ ਕਿ ਬੇਅਦਬੀ ਦੇ ਦੋਸ਼ੀ ਪਿੱਛੇ ਜਿਹੜੀਆਂ ਤਾਕਤਾਂ ਦਾ ਹੱਥ ਹੈ ਉਹਨਾਂ ਨੂੰ ਜਲਦ ਤੋ ਜਲਦ ਬੇਪਰਦ ਕੀਤਾ ਜਾਵੇ ਅਤੇ ਦੋਸ਼ੀਆਂ ਨੂੰ ਫਾਂਸੀ ਦੀ ਸਜਾ ਦਿੱਤੀ ਜਾਵੇ।