ਫਰੀਦਕੋਟ – ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਮੈਡਮ ਮੋਨਿਕਾ ਲਾਂਬਾ ਦੀ ਅਦਾਲਤ ਫਰੀਦਕੋਟ ਵਿੱਚ ਚੱਲ ਰਹੇ ਬੇਅਦਬੀ ਕਾਂਡ ਦੇ ਕੇਸ ਵਿੱਚ ਹੋਈ ਸੁਣਵਾਈ ਦੌਰਾਨ 7 ਡੇਰਾ ਪ੍ਰੇਮੀ ਅਦਾਲਤ ਵਿੱਚ ਹਾਜਰ ਸਨ ਅਤੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੀ ਵੀਡੀਓ ਕਾਨਫਰੰਸ ਰਾਹੀਂ ਅਦਾਲਤ ਵਿੱਚ ਪੇਸ਼ ਹੋਈ। ਮੁਲਜ਼ਮ ਵਜੋਂ ਨਾਮਜ਼ਦ ਹੋਏ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੇ ਆਪਣੇ ਵਕੀਲਾਂ ਰਾਹੀ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਮੈਡਮ ਮੋਨਿਕਾ ਲਾਂਬਾ ਦੀ ਅਦਾਲਤ ਵਿੱਚ ਅਰਜੀ ਦੇ ਕੇ ਮੰਗ ਕੀਤੀ ਸੀ ਕਿ ਬੇਅਦਬੀ ਕਾਂਡ ਵਿੱਚ ਸੀਬੀਆਈ ਵਲੋਂ ਪੜਤਾਲ ਦੌਰਾਨ ਇਕੱਤਰ ਕੀਤੇ ਗਏ ਦਸਤਾਵੇਜ਼ ਉਸ ਨੂੰ ਮੁਹੱਈਆ ਕਰਵਾਏ ਜਾਣ। ਜਿਸ ’ਤੇ ਅਦਾਲਤ ਨੇ ਇਸ ਸੁਣਵਾਈ ਨੂੰ 3 ਸਤੰਬਰ ਤੱਕ ਮੁਲਤਵੀ ਕਰ ਦਿੱਤਾ।
ਜਿਕਰਯੋਗ ਹੈ ਕਿ ਐੱਸਆਈਟੀ ਬੇਅਦਬੀ ਕਾਂਡ ਨਾਲ ਜੁੜੇ ਤਿੰਨ ਮਾਮਲਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਚੋਰੀ ਦੀ ਐੱਫਆਈਆਰ ਨੰਬਰ 63, ਇਤਰਾਜਯੋਗ ਪੋਸਟਰ ਲਾਉਣ ਦੀ ਐੱਫਆਈਆਰ ਨੰਬਰ 117 ਅਤੇ ਬੇਅਦਬੀ ਕਾਂਡ ਨੂੰ ਅੰਜਾਮ ਦੇਣ ਦੇ ਦਰਜ ਹੋਏ ਮਾਮਲੇ 128 ਨੰਬਰ ਵਿੱਚ ਦੋਸ਼ ਪੱਤਰ ਅਦਾਲਤ ਵਿੱਚ ਪੇਸ਼ ਕਰ ਚੁੱਕੀ ਹੈ ਅਤੇ 4 ਮਈ ਨੂੰ ਅਦਾਲਤ ਨੇ ਇਨ੍ਹਾਂ ਦੋਸ਼ ਪੱਤਰਾਂ ਦੀ ਇੱਕ ਨਕਲ ਡੇਰਾ ਮੁਖੀ ਨੂੰ ਕਾਨੂੰਨ ਮੁਤਾਬਿਕ ਮੁਹੱਈਆ ਕਰਵਾਈ ਸੀ। ਡੇਰਾ ਮੁਖੀ ਦੇ ਵਕੀਲ ਨੇ ਅਦਾਲਤ ਨੂੰ ਕਿਹਾ ਕਿ ਐੱਸਆਈਟੀ ਨੇ ਬੇਅਦਬੀ ਕਾਂਡ ਵਿੱਚ ਪੇਸ਼ ਕੀਤੇੇ ਦੋਸ਼ ਪੱਤਰਾਂ ’ਚ ਸੀਬੀਆਈ ਵੱਲੋਂ ਇਕੱਤਰ ਕੀਤੇ ਗਏ ਦਸਤਾਵੇਜ਼ ਸ਼ਾਮਲ ਨਹੀਂ ਕੀਤੇ ਗਏ ਹਨ, ਜਦੋਂਕਿ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਮੁਤਾਬਿਕ ਸੀਬੀਆਈ ਵੱਲੋਂ ਇਕੱਤਰ ਕੀਤੀ ਗਵਾਹੀ ਵੀ ਇਨ੍ਹਾਂ ਚਲਾਨਾਂ ਦਾ ਹਿੱਸਾ ਹੋਣੀ ਚਾਹੀਦੀ ਸੀ।