ਨਵੀਂ ਦਿੱਲੀ – ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਬੈਲਜੀਅਮ ਦੀ ਰਾਜਕੁਮਾਰੀ ਐਸਟ੍ਰਿਡ ਨਾਲ ਮੁਲਾਕਾਤ ਕੀਤੀ। ਇਸ ਤੋਂ ਪਹਿਲਾਂ ਉਨ੍ਹਾਂ ਬੈਲਜੀਅਮ ਦੇ ਵਿਦੇਸ਼ ਮੰਤਰੀ ਮੈਕਸਿਮ ਪ੍ਰੀਵੋਟ ਨਾਲ ਮੁਲਾਕਾਤ ਅਤੇ ਬੈਲਜੀਅਮ ਦੇ ਆਰਥਿਕ ਮਿਸ਼ਨ ਦਾ ਭਾਰਤ ਵਿੱਚ ਸਵਾਗਤ ਕੀਤਾ।
ਰਾਜਕੁਮਾਰੀ ਐਸਟ੍ਰਿਡ 335 ਮੈਂਬਰਾਂ ਅਤੇ 180 ਕੰਪਨੀਆਂ ਦੇ ਵਫ਼ਦ ਨਾਲ ਭਾਰਤ ਵਿੱਚ ਬੈਲਜੀਅਮ ਦੇ ਆਰਥਿਕ ਮਿਸ਼ਨ ’ਤੇ ਹੈ। ਕਿੰਗ ਅਲਬਰਟ ਦੂਜੇ ਅਤੇ ਮਹਾਰਾਣੀ ਪਾਓਲਾ ਦੀ ਦੂਜੀ ਔਲਾਦ ਤੇ ਕਿੰਗ ਫਿਲਿਪ ਦੀ ਭੈਣ ਰਾਜਕੁਮਾਰੀ ਐਸਟ੍ਰਿਡ ਕਿੰਗ ਦੇ ਨੁਮਾਇੰਦੇ ਵਜੋਂ ਬੈਲਜੀਅਮ ਦੇ ਆਰਥਿਕ ਮਿਸ਼ਨ ਦੀ ਅਗਵਾਈ ਕਰ ਰਹੀ ਹੈ। ਉਹ ਮਹਾਰਾਣੀ ਐਲਿਜਾਬੈੱਥ ਮੈਡੀਕਲ ਫਾਊਂਡੇਸ਼ਨ ਦੀ ਆਨਰੇਰੀ ਪ੍ਰਧਾਨ ਹੈ ਅਤੇ ਕਿੰਗ ਬੌਡੌਇਨ ਫਾਊਂਡੇਸ਼ਨ ਦੇ ਵਿਗਿਆਨ ਤੇ ਮੈਡੀਕਲ ਫੰਡ ਦਾ ਸਮਰਥਨ ਕਰਦੀ ਹੈ।
ਵਿਦੇਸ਼ ਮੰਤਰੀ ਨੇ ਕਿਹਾ ਹੈ ਕਿ, ‘‘ਭਾਰਤ ਵਿੱਚ ਆਰਥਿਕ ਮਿਸ਼ਨ ਦੀ ਅਗਵਾਈ ਕਰ ਰਹੀ ਬੈਲਜੀਅਮ ਦੀ ਰਾਜਕੁਮਾਰੀ ਐਸਟ੍ਰਿਡ ਨਾਲ ਮਿਲਕੇ ਖ਼ੁਸ਼ੀ ਹੋਈ। ਮੈਨੂੰ ਵਿਸ਼ਵਾਸ ਹੈ ਕਿ ਉਨ੍ਹਾਂ ਦਾ ਦੌਰਾ ਭਾਰਤ-ਬੈਲਜੀਅਮ ਅਤੇ ਭਾਰਤ-ਯੂਰਪੀ ਯੂਨੀਅਨ ਵਿਚਾਲੇ ਮਜ਼ਬੂਤ ਭਾਈਵਾਲੀ ਨੂੰ ਹੋਰ ਉਤਸ਼ਾਹਿਤ ਕਰੇਗਾ। ਕਾਰੋਬਾਰੀਆਂ ਦਾ ਆਰਥਿਕ ਮਿਸ਼ਨ ਭਾਰਤ ਆਉਣਾ ਸੱਚਮੁੱਚ ਪ੍ਰਭਾਵਸ਼ਾਲੀ ਹੈ। ਇਸ ਨਾਲ ਭਾਰਤ ਵਿੱਚ ਕੀ ਹੋ ਰਿਹਾ ਹੈ, ਇਸ ਦਾ ਮੁਲਾਂਕਣ ਕਰਨ ਦਾ ਮੌਕਾ ਮਿਲੇਗਾ ਤਾਂ ਜੋ ਉਹ ‘ਮੇਕ ਇਨ ਇੰਡੀਆ’ ਦਾ ਲਾਹਾ ਲੈ ਸਕਣ, ਭਾਰਤ ਵਿੱਚ ਡਿਜ਼ਾਈਨ ਕਰ ਸਕਣ ਅਤੇ ਭਾਰਤ ਵਿੱਚ ਖੋਜ ਕਰ ਸਕਣ। ਸਾਡੇ (ਭਾਰਤ-ਬੈਲਜੀਅਮ) ਇਤਿਹਾਸਕ ਸਬੰਧ ਹਨ। ਤੁਹਾਡੀ ਜ਼ਮੀਨ ’ਤੇ ਭਾਰਤੀ ਸੈਨਿਕਾਂ ਦੀਆਂ ਜੰਗੀ ਯਾਦਗਾਰਾਂ ਹਨ। ਮੈਨੂੰ ਲਗਦਾ ਹੈ ਕਿ ਵਪਾਰ, ਉਦਯੋਗ, ਸਿੱਖਿਆ, ਨਵੀਨਤਾ ਅਤੇ ਸਭਿਆਚਾਰ ਵਰਗੇ ਕਈ ਮੁੱਦਿਆਂ ’ਤੇ ਸਾਡੇ ਦਰਮਿਆਨ ਬਹੁਤ ਚੰਗੇ ਅਤੇ ਟਿਕਾਊ ਸਬੰਧ ਰਹੇ ਹਨ ਅਤੇ ਅੱਜ ਸਾਡੇ ਕੋਲ ਇਨ੍ਹਾਂ ਨੂੰ ਹੋਰ ਵਿਕਸਤ ਕਰਨ ਦੀਆਂ ਸੰਭਾਵਨਾਵਾਂ ਹਨ।’’