ਚੰਡੀਗੜ੍ਹ/ਬਰਨਾਲਾ – ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਫੈਸਲਾ ਕੀਤਾ ਗਿਆ ਹੈ ਕਿ ਕਿਸਾਨਾਂ ਨੂੰ ਸ਼ੰਭੂ ਬਾਰਡਰ ਰਾਹੀਂ ਦਿੱਲੀ ਜਾਣ ਦੀ ਇਜਾਜ਼ਤ ਨਾ ਦੇਣ, ਉਹਨਾਂ ਤੇ ਜਬਰ ਕਰਨ ਅਤੇ ਗੱਲਬਾਤ ਨਾ ਕਰਨ ਦੇ ਖਿਲਾਫ ਕੱਲ੍ਹ 18 ਦਸੰਬਰ ਨੂੰ ਤਿੰਨ ਘੰਟਿਆਂ ਦੇ ਰੇਲ ਜਾਮ ਵਿੱਚ ਉਹਨਾਂ ਦੀ ਜਥੇਬੰਦੀ ਵੀ ਸ਼ਾਮਿਲ ਹੋਵੇਗੀ।
ਇਸ ਬਾਰੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਜਥੇਬੰਦੀ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਅਤੇ ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ ਨੇ ਦੱਸਿਆ ਕਿ ਉਹਨਾਂ ਦੀ ਜਥੇਬੰਦੀ ਪੰਜਾਬ ਵਿੱਚ ਘੱਟੋ ਘੱਟ ਪੰਜ ਥਾਵਾਂ ਤੇ ਰੇਲਾਂ ਦਾ ਚੱਕਾ ਜਾਮ ਕਰੇਗੀ। ਆਗੂਆਂ ਨੇ ਕਿਹਾ ਕਿ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣਾ ਨੰਗੀ ਚਿੱਟੀ ਧੱਕੇਸ਼ਾਹੀ ਹੈ। ਇਸ ਤੋਂ ਇਲਾਵਾ ਕੇਂਦਰ ਅਤੇ ਪੰਜਾਬ ਸਰਕਾਰ ਵੀ ਚੁੱਪਚਾਪ ਤਮਾਸ਼ਾ ਦੇਖ ਰਹੀਆਂ ਹਨ ਅਤੇ ਕਿਸਾਨਾਂ ਨਾਲ ਗੱਲਬਾਤ ਦੇ ਦਰਵਾਜ਼ੇ ਵੀ ਬੰਦ ਹਨ।
ਕੇਂਦਰ ਸਰਕਾਰ ਵੱਲੋਂ ਸੂਬਿਆਂ ਨੂੰ ਭੇਜੇ ਕੌਮੀ ਖੇਤੀ ਨੀਤੀ ਦੇ ਫਰੇਮਵਰਕ ਦੀ ਵੀ ਸਖਤ ਨਿਖੇਧੀ ਕਰਦਿਆਂ ਆਗੂਆਂ ਨੇ ਕਿਹਾ ਕਿ ਇਹ ਤਿੰਨ ਕਾਲੇ ਖੇਤੀ ਕਾਨੂੰਨਾਂ ਨੂੰ ਹੀ ਚੋਰ ਮੋਰੀਆਂ ਰਾਹੀਂ ਲਾਗੂ ਕਰਨ ਦੀ ਸਾਜਿਸ਼ ਹੈ। ਸੰਯੁਕਤ ਕਿਸਾਨ ਮੋਰਚਾ ਇਸ ਨੂੰ ਬਰਦਾਸ਼ਤ ਨਹੀਂ ਕਰੇਗਾ ਅਤੇ ਲੋਕਾਂ ਦੀ ਤਾਕਤ ਦੇ ਆਸਰੇ ਤੇ ਇਸ ਖਿਲਾਫ ਸਖਤ ਲੜਾਈ ਦੇਵੇਗਾ।