ਚੰਡੀਗੜ੍ਹ – ਪੰਜਾਬ ਵਿਧਾਨ ਸਭਾ ਦੇ ਸੈਸ਼ਨ ਮਗਰੋਂ ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਹੈ ਕਿ, ‘ਅਬੋਹਰ ਵਿੱਚ ਵਪਾਰੀ ਦਾ ਹੋਇਆ ਕਤਲ ਲਾਰੈਂਸ ਬੁਸ਼ਨੋਈ ਵਲੋਂ ਕਰਵਾਇਆ ਗਿਆ ਹੈ, ਜੋ ਗੁਜਰਾਤ ਜੇਲ੍ਹ ਵਿੱਚ ਹੈ। ਬਹੁਤ ਦੁੱਖ ਦੀ ਗੱਲ ਹੈ ਕਿ ਉਹ ਗੁਜਰਾਤ ਵਿੱਚ ਬੈਠਾ ਪੰਜਾਬ ਨੂੰ ਨਿਸ਼ਾਨਾ ਬਣਾ ਰਿਹਾ ਹੈ, ਉਸ ਨੂੰ ਉੱਥੇ ਕਿਉਂ ਰੱਖਿਆ ਜਾ ਰਿਹਾ ਹੈੈ? ਭਾਜਪਾ ਇਨ੍ਹਾਂ ਗੈਂਗਸਟਰਾਂ ਨੂੰ ਆਪਣੀ ਪਕੜ ਵਿੱਚ ਰੱਖਣਾ ਚਾਹੁੰਦੀ ਹੈ ਅਤੇ ਉਨ੍ਹਾਂ ਦੀ ਵਰਤੋਂ ਗੈਰ ਭਾਜਪਾਈ ਰਾਜਾਂ ਵਿੱਚ ਅਸ਼ਾਂਤੀ ਪੈਦਾ ਕਰਨ ਲਈ ਕਰਨਾ ਚਾਹੁੰਦੀ ਹੈ। ਪਰ ਪੰਜਾਬ ਸਰਕਾਰ ਸ਼ਾਂਤੀ ਯਕੀਨੀ ਬਣਾਉਣ ਲਈ ਇਮਾਨਦਾਰੀ ਨਾਲ ਵਚਨਬੱਧ ਹੈ।
ਵਿੱਤ ਮੰਤਰੀ ਨੇ ਕਿਹਾ ਕਿ, ‘ਭਾਜਪਾ, ਕਾਂਗਰਸ ਅਤੇ ਅਕਾਲੀ ਦਲ ਸਮੇਤ ਸਾਰੇ ਆਗੂ ਅਸਲ ਵਿੱਚ ਡਰੱਗ ਮਾਫੀਆ ਦੇ ਹੱਕ ਵਿੱਚ ਕੰਮ ਕਰ ਰਹੇ ਹਨ ਅਤੇ ਇੱਥੋਂ ਤੱਕ ਕਿ ਖੁੱਲ੍ਹੇਆਮ ਗੈਂਗਸਟਰਾਂ ਦਾ ਸਮਰਥਨ ਕਰ ਰਹੇ ਹਨ। ਉਹ ਪਿਛਲੀਆਂ ਸਰਕਾਰਾਂ ਦੇ ਕੰਢੇ ਚੁੱਗ ਰਹੇ ਹਨ। ਜਨਤਾ ਵਿੱਚ ਰੌਲਾ ਪਾਉਣ ਦੀ ਬਜਾਏ ਪਾਰਟੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਸੰਪਰਕ ਕਿਉਂ ਨਹੀਂ ਕਰਦੀ ਅਤੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਪੰਜਾਬ ਦੀ ਜੇਲ੍ਹ ਵਿੱਚ ਕਿਉਂ ਨਹੀਂ ਭੇਜਦੀ।’