Punjab

ਭਾਰਤੀ ਕਿਸਾਨ ਯੂਨੀਅਨ (ਏਕਤਾ-ਸਿੱਧੂਪੁਰ) ਵਿੱਚ ਵੱਡੀ ਬਗਾਵਤ

ਬਾਗ਼ੀ ਧੜੇ ਨੇ ਦਲਬੀਰ ਸਿੰਘ ਸਿੱਧੂਪੁਰ ਨੂੰ ਆਪਣਾ ਨਵਾਂ ਕਨਵੀਨਰ ਨਿਯੁਕਤ ਕਰ ਦਿੱਤਾ ਹੈ।

ਕਿਸਾਨ ਅੰਦੋਲਨ 2.0 ਦੇ ਪ੍ਰਮੁੱਖ ਚਿਹਰੇ ਜਗਜੀਤ ਸਿੰਘ ਡੱਲੇਵਾਲ ਨੂੰ ਵੱਡਾ ਸਿਆਸੀ ਝਟਕਾ ਲੱਗਾ ਹੈ। ਉਨ੍ਹਾਂ ਦੀ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ (ਏਕਤਾ-ਸਿੱਧੂਪੁਰ) ਵਿੱਚ ਵੱਡੀ ਬਗਾਵਤ ਹੋ ਗਈ ਹੈ, ਜਿਸ ਕਾਰਣ ਫਰੰਟ ਦੋਫਾੜ ਹੋ ਗਿਆ ਹੈ। ਪਟਿਆਲਾ ਦੇ ਬਹਾਦਰਗੜ੍ਹ ਵਿੱਚ ਹੋਈ ਇੱਕ ਅਹਿਮ ਮੀਟਿੰਗ ਦੌਰਾਨ ਜਥੇਬੰਦੀ ਦੇ 8 ਜ਼ਿਲ੍ਹਾ ਪ੍ਰਧਾਨਾਂ ਅਤੇ ਸੀਨੀਅਰ ਆਗੂਆਂ ਨੇ ਡੱਲੇਵਾਲ ਵਿਰੁੱਧ ਮੋਰਚਾ ਖੋਲ੍ਹ ਦਿੱਤਾ। ਬਾਗ਼ੀ ਧੜੇ ਨੇ ਡੱਲੇਵਾਲ ‘ਤੇ ਗੰਭੀਰ ਹੇਠ ਲਿਖੇ ਗੰਭੀਰ ਦੋਸ਼ ਲਾਏ ਹਨ:

  • ਤਾਨਾਸ਼ਾਹੀ ਰਵੱਈਆ: ਦੋਸ਼ ਹੈ ਕਿ ਡੱਲੇਵਾਲ ਜਥੇਬੰਦੀ ਨੂੰ ਆਪਣੀ ਮਰਜ਼ੀ ਨਾਲ ਚਲਾ ਰਹੇ ਸਨ ਅਤੇ ਸਵਾਲ ਉਠਾਉਣ ਵਾਲਿਆਂ ਨੂੰ ਬਾਹਰ ਕੱਢ ਰਹੇ ਸਨ।
  • ਚੋਣਾਂ ਵਿੱਚ ਦੇਰੀ: ਨਿਯਮਾਂ ਮੁਤਾਬਕ ਹਰ 3 ਸਾਲ ਬਾਅਦ ਚੋਣਾਂ ਹੋਣੀਆਂ ਚਾਹੀਦੀਆਂ ਹਨ, ਪਰ ਪਿਛਲੇ 6 ਸਾਲਾਂ ਤੋਂ ਕੋਈ ਚੋਣ ਨਹੀਂ ਕਰਵਾਈ ਗਈ।
  • ਗਲਤ ਰਣਨੀਤੀ: ਬਾਗ਼ੀ ਧੜੇ ਅਨੁਸਾਰ, ਸੰਯੁਕਤ ਕਿਸਾਨ ਮੋਰਚਾ ਤੋਂ ਵੱਖ ਹੋਣਾ ਅਤੇ ਸ਼ੰਭੂ/ਖਨੌਰੀ ਸਰਹੱਦਾਂ ‘ਤੇ ਬੈਠਣਾ ਗਲਤ ਫੈਸਲਾ ਸੀ, ਜਿਸ ਨਾਲ ਕਿਸਾਨਾਂ ਦਾ ਜਾਨੀ-ਮਾਲੀ ਨੁਕਸਾਨ ਹੋਇਆ।

ਬਾਗ਼ੀ ਧੜੇ ਨੇ ਜਥੇਬੰਦੀ ਦੇ ਸੰਸਥਾਪਕ ਪਿਸ਼ੋਰਾ ਸਿੰਘ ਸਿੱਧੂਪੁਰ ਦੇ ਪੁੱਤਰ ਦਲਬੀਰ ਸਿੰਘ ਸਿੱਧੂਪੁਰ ਨੂੰ ਆਪਣਾ ਨਵਾਂ ਕਨਵੀਨਰ ਨਿਯੁਕਤ ਕਰ ਦਿੱਤਾ ਹੈ। ਨਵੀਆਂ ਚੋਣਾਂ ਕਰਵਾਉਣ ਲਈ ਇੱਕ ਪੰਜ ਮੈਂਬਰੀ ਕਮੇਟੀ ਦਾ ਗਠਨ ਵੀ ਕੀਤਾ ਗਿਆ ਹੈ। ਦਲਬੀਰ ਸਿੰਘ ਸਿੱਧੂਪੁਰ ਨੇ ਸੰਕੇਤ ਦਿੱਤੇ ਹਨ ਕਿ ਉਹ ਅੰਦੋਲਨ ਦੀ ਰਣਨੀਤੀ ਵਿੱਚ ਬਦਲਾਅ ਕਰ ਸਕਦੇ ਹਨ।

ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਜਿਨ੍ਹਾਂ ਨੇ ਐਮਐਸਪੀ ਦੀ ਗਰੰਟੀ ਲਈ 131 ਦਿਨਾਂ ਦੀ ਭੁੱਖ ਹੜਤਾਲ ਕੀਤੀ ਸੀ, ਫਿਲਹਾਲ ਇਸ ਮਾਮਲੇ ‘ਤੇ ਚੁੱਪ ਹਨ। ਹਾਲਾਂਕਿ ਉਨ੍ਹਾਂ ਦੇ ਕਰੀਬੀ ਸਾਥੀ ਕਾਕਾ ਸਿੰਘ ਕੋਟੜਾ ਨੇ ਕਿਸੇ ਵੀ ਫੁੱਟ ਤੋਂ ਇਨਕਾਰ ਕੀਤਾ ਹੈ। ਉਮੀਦ ਜਤਾਈ ਜਾ ਰਹੀ ਹੈ ਕਿ ਡੱਲੇਵਾਲ ਧੜਾ ਅੱਜ (ਬੁੱਧਵਾਰ) ਜਲੰਧਰ ਵਿੱਚ ਇੱਕ ਕਾਨਫਰੰਸ ਕਰਕੇ ਇਨ੍ਹਾਂ ਦੋਸ਼ਾਂ ਦਾ ਜਵਾਬ ਦੇਵੇਗਾ। ਜਥੇਬੰਦੀ ਵਿੱਚ ਪਈ ਇਹ ਫੁੱਟ ਕਿਸਾਨ ਅੰਦੋਲਨ 2.0 ਨੂੰ ਕਮਜ਼ੋਰ ਕਰ ਸਕਦੀ ਹੈ। ਖਨੌਰੀ ਅਤੇ ਸ਼ੰਭੂ ਸਰਹੱਦਾਂ ‘ਤੇ ਬੈਠੇ ਕਿਸਾਨਾਂ ਵਿੱਚ ਇਸ ਫੈਸਲੇ ਨਾਲ ਦੁਬਿਧਾ ਪੈਦਾ ਹੋ ਸਕਦੀ ਹੈ, ਕਿਉਂਕਿ ਹੁਣ ਲੀਡਰਸ਼ਿਪ ਦੋ ਹਿੱਸਿਆਂ ਵਿੱਚ ਵੰਡੀ ਗਈ ਹੈ।

Related posts

ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਖਿਲਾਫ 7 ਅਪ੍ਰੈਲ ਨੂੰ ‘ਆਪ’ ਆਗੂ ਤੇ ਵਰਕਰ ਇੱਕ ਦਿਨ ਦਾ ਵਰਤ ਰੱਖਣਗੇ

Bunty

ਕਲਯੁਗੀ ਪੋਤੇ ਨੇ ਗੰਡਾਸਾ ਮਾਰ ਕੇ ਕੀਤਾ ਦਾਦਾ ਦਾਦੀ ਦਾ ਕਤਲ

Bunty

ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ ਸ਼ਹੀਦ ਅਮਰੀਕ ਸਿੰਘ ਦੇ ਪਰਿਵਾਰ ਨੂੰ ਇਕ ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦਾ ਚੈੱਕ ਸੌਂਪਿਆ

Bunty