ਨਵੀਂ ਦਿੱਲੀ – ਭਾਰਤੀ ਖਿਡਾਰੀ 28 ਜੁਲਾਈ ਤੋਂ ਇੰਗਲੈਂਡ ਦੇ ਬਰਮਿੰਘਮ ਵਿਚ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ ਵਿਚ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਨ ਲਈ ਤਿਆਰ ਹਨ। ਭਾਰਤੀ ਅਥਲੀਟਾਂ ਦੇ ਨਾਲ ਹੀ ਖੇਡ ਮੰਤਰਾਲੇ ਨੇ ਵੀ ਇਨ੍ਹਾਂ ਖੇਡਾਂ ਵਿਚ ਬਿਹਤਰ ਪ੍ਰਦਰਸ਼ਨ ਲਈ ਕਾਫੀ ਮਿਹਨਤ ਕੀਤੀ ਤੇ ਖਿਡਾਰੀਆਂ ਨੂੰ ਹਰ ਸਹੂਲਤ ਦਿੱਤੀ ਹੈ। ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਭਾਰਤੀ ਅਥਲੀਟਾਂ ਕੋਲ ਇਸ ਵਾਰ ਰਾਸ਼ਟਰਮੰਡਲ ਖੇਡਾਂ ਦੇ ਆਪਣੇ ਇਤਿਹਾਸ ਦਾ ਸਰਬੋਤਮ ਪ੍ਰਦਰਸ਼ਨ ਕਰਨ ਦਾ ਮੌਕਾ ਰਹੇਗਾ। ਇਨ੍ਹਾਂ ਖੇਡਾਂ ਵਿਚ ਭਾਰਤ ਦੇ 215 ਖਿਡਾਰੀ 12 ਤੋਂ ਵੱਧ ਖੇਡਾਂ ਵਿਚ ਹਿੱਸਾ ਲੈਣਗੇ।
ਭਾਰਤ ਦੀ ਹੁਣ ਤਕ ਦੀ ਸਭ ਤੋਂ ਕਾਮਯਾਬ ਮੁਹਿੰਮ 2010 ਨਵੀਂ ਦਿੱਲੀ ਰਾਸ਼ਟਰਮੰਡਲ ਖੇਡਾਂ ਦੀ ਰਹੀ ਹੈ। ਉਸ ਸਮੇਂ ਭਾਰਤੀ ਅਥਲੀਟਾਂ ਨੇ ਨਾ ਸਿਰਫ਼ ਆਪਣੇ ਮੈਡਲਾਂ ਦੀ ਗਿਣਤੀ 101 ਕੀਤੀ ਬਲਕਿ ਅੰਕ ਸੂਚੀ ਵਿਚ ਦੂਜੇ ਸਥਾਨ ‘ਤੇ ਰਹਿ ਕੇ ਆਪਣਾ ਸਰਬੋਤਮ ਪ੍ਰਦਰਸ਼ਨ ਕੀਤਾ ਸੀ। 2018 ਵਿਚ ਗੋਲਡ ਕੋਸਟ ਵਿਚ ਹੋਈਆਂ ਇਨ੍ਹਾਂ ਖੇਡਾਂ ਦੇ ਪਿਛਲੇ ਐਡੀਸ਼ਨ ਵਿਚ ਟੀਮ 66 ਮੈਡਲਾਂ ਨਾਲ ਤੀਜੇ ਸਥਾਨ ‘ਤੇ ਰਹੀ ਸੀ ਪਰ ਪਿਛਲੇ ਚਾਰ ਸਾਲਾਂ ਵਿਚ ਭਾਰਤੀ ਖਿਡਾਰੀਆਂ ਦੇ ਅਭਿਆਸ ਦਾ ਤਰੀਕਾ ਬਦਲਿਆ ਹੈ ਤੇ ਵੱਖ-ਵੱਖ ਖੇਡਾਂ ਦੇ ਕਈ ਖਿਡਾਰੀਆਂ ਨੂੰ ਵਿਦੇਸ਼ਾਂ ਵਿਚ ਸਿਖਲਾਈ ਲਈ ਭੇਜਿਆ ਗਿਆ ਹੈ।
ਭਾਰਤੀ ਖਿਡਾਰੀਆਂ ਨੇ ਜਿਸ ਤਰ੍ਹਾਂ ਪਿਛਲੀਆਂ ਟੋਕੀਓ ਓਲੰਪਿਕ ਵਿਚ ਪ੍ਰਦਰਸ਼ਨ ਕੀਤਾ ਸੀ ਤੇ ਇਕ ਗੋਲਡ ਸਮੇਤ ਸੱਤ ਮੈਡਲ ਜਿੱਤੇ ਸਨ ਉਸ ਨਾਲ ਆਤਮਵਿਸ਼ਵਾਸ ਵਧਿਆ। ਖੇਡ ਮੰਤਰਾਲੇ ਨੇ ਜਿੱਥੇ ਓਲੰਪਿਕ ਨੂੰ ਦੇਖਦੇ ਹੋਏ ਓਲੰਪਿਕ ਟਾਰਗੈਟ ਪੋਡੀਅਮ ਸਕੀਮ (ਟਾਪਸ) ਯੋਜਨਾ ਸ਼ੁਰੂ ਕੀਤੀ ਸੀ, ਉਥੇ ਟੋਕੀਓ ਦੀ ਲੈਅ ਕਾਇਮ ਰੱਖਣ ਲਈ ਵੀ ਉਸ ਵੱਲੋਂ ਕਾਫੀ ਕੋਸ਼ਿਸ਼ ਕੀਤੀ ਗਈ।
ਰਾਸ਼ਟਰਮੰਡਲ ਖੇਡਾਂ ਸਮੇਤ ਵੱਖ-ਵੱਖ ਟੂਰਨਾਮੈਂਟਾਂ ਦੀਆਂ ਤਿਆਰੀਆਂ ਲਈ ਰਾਸ਼ਟਰੀ ਕੈਂਪ ਲਾਏ ਗਏ ਜਿਸ ਵਿਚ ਕਰੋੜਾਂ ਰੁਪਏ ਦਾ ਖ਼ਰਚ ਆਇਆ। ਅਥਲੈਟਿਕਸ ਲਈ 259 ਦਿਨਾਂ ਦਾ ਰਾਸ਼ਟਰੀ ਕੈਂਪ ਹੋਇਆ ਜਿਸ ਵਿਚ ਲਗਭਗ 7.84 ਕਰੋੜ ਰੁਪਏ ਦਾ ਖ਼ਰਚ ਆਇਆ। ਇਵੇਂ ਹੀ ਕੁਸ਼ਤੀ ਦੇ ਰਾਸ਼ਟਰੀ ਕੈਂਪ ਲਈ 5.27 ਕਰੋੜ, ਮੁੱਕੇਬਾਜ਼ੀ ਲਈ ਚਾਰ ਕਰੋੜ, ਵੇਟਲਿਫਟਿੰਗ ਲਈ 1.92 ਕਰੋੜ ਤੇ ਹਾਕੀ ਕੈਂਪ ਲਈ 3.15 ਕਰੋੜ ਰੁਪਏ ਖ਼ਰਚ ਕੀਤੇ ਗਏ।