ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ 2008 ਦੇ ਮੁੰਬਈ ਅੱਤਵਾਦੀ ਹਮਲੇ ਦੇ ਪੀੜਤਾਂ ਅਤੇ ਨਾਇਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਕਿਹਾ ਕਿ ਇਹ ਉਨ੍ਹਾਂ ਕਾਇਰਾਨਾ ਹਮਲਿਆਂ ’ਚੋਂ ਇਕ ਸੀ, ਜਿਸ ਨੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਅਤੇ ਇਸ ਨੂੰ ਕਦੇ ਨਹੀਂ ਭੁਲਾਇਆ ਜਾ ਸਕਦਾ। ਉਨ੍ਹਾਂ ਕਿਹਾ ਕਿ ਇਹ ਭਾਰਤ ਦਾ ਸਾਹਸ ਅਤੇ ਤਾਕਤ ਹੈ ਕਿ ਅਸੀਂ ਹੁਣ ਅੱਤਵਾਦੀ ਗਤੀਵਿਧੀਆਂ ਦਾ ਮੂੰਹ ਤੋੜ ਜਵਾਬ ਦੇ ਰਹੇ ਹਾਂ। ਪ੍ਰਧਾਨ ਮੰਤਰੀ ਨੇ ਆਪਣੇ ਮਹੀਨਾਵਾਰ ਪ੍ਰਸਾਰਨ ਪ੍ਰੋਗਰਾਮ ’ਮਨ ਕੀ ਬਾਤ’ ਦੇ 107ਵੇਂ ਐਪੀਸੋਡ ਨੂੰ ਸੰਬੋਧਨ ਕਰਦੇ ਹੋਏ ਕਿਹਾ,’’ਅਸੀਂ ਇਸ ਦਿਨ ਨੂੰ ਕਦੇ ਨਹੀਂ ਭੁੱਲ ਸਕਦੇ, ਜਦੋਂ ਭਾਰਤ ਨੂੰ ਸਭ ਤੋਂ ਭਿਆਨਕ ਅੱਤਵਾਦੀ ਹਮਲੇ ਦਾ ਸਾਹਮਣਾ ਕਰਨਾ ਪਿਆ ਸੀ।’’ ਉਨ੍ਹਾਂ ਨੇ ਯਾਦ ਦਿਵਾਇਆ ਕਿ ਅੱਜ ਹੀ ਦੇ ਦਿਨ ਦੇਸ਼ ’ਤੇ ਸਭ ਤੋਂ ਕਾਇਰਾਨਾ ਅੱਤਵਾਦੀ ਹਮਲਾ ਹੋਇਆ ਸੀ। ਪ੍ਰਧਾਨ ਮੰਤਰੀ ਨੇ ਕਿਹਾ,’’ਇਹ ਭਾਰਤ ਦਾ ਸਾਹਸ ਅਤੇ ਤਾਕਤ ਹੈ, ਜਿਸ ਨੇ ਇਸ ’ਤੇ ਕਾਬੂ ਪਾ ਲਿਆ ਅਤੇ ਹੁਣ ਕਰਾਰਾ ਜਵਾਬ ਦੇ ਰਿਹਾ ਹੈ।’’
ਪੀ.ਐੱਮ. ਮੋਦੀ ਨੇ ਕਿਹਾ,’’ਮੈਂ ਉਨ੍ਹਾਂ ਲੋਕਾਂ ਨੂੰ ਸ਼ਰਧਾਂਜਲੀ ਭੇਟ ਕਰਦਾ ਹਾਂ, ਜਿਨ੍ਹਾਂ ਨੇ ਆਪਣੀ ਜਾਨ ਗੁਆਈ ਅਤੇ ਉਨ੍ਹਾਂ ਬਹਾਦਰਾਂ ਨੂੰ ਵੀ ਸ਼ਰਧਾਂਜਲੀ ਭੇਟ ਕਰਦਾ ਹਾਂ, ਜਿਨ੍ਹਾਂ ਨੇ ਦੇਸ਼ ਦੀ ਰੱਖਿਆ ਲਈ ਆਪਣੀ ਜਾਨ ਦੇ ਦਿੱਤੀ।’’ 2008 ਦੇ ਮੁੰਬਈ ਅੱਤਵਾਦੀ ਹਮਲਿਆਂ ’ਚ 6 ਅਮਰੀਕੀਆਂ ਸਮੇਤ ਕੁੱਲ 166 ਲੋਕ ਮਾਰੇ ਗਏ ਸਨ। ਇਹ ਹਮਲਾ 10 ਚੰਗੀ ਤਰ੍ਹਾਂ ਸਿਖਲਾਈ ਪ੍ਰਾਪਤ ਪਾਕਿਸਤਾਨੀ ਅੱਤਵਾਦੀਆਂ ਵਲੋਂ ਕੀਤਾ ਗਿਆ ਸੀ, ਜਿਨ੍ਹਾਂ ਨੇ ਛਤਰਪਤੀ ਸ਼ਿਵਾਜੀ ਮਹਾਰਾਜ ਟਰਮਿਨਸ, ਹੋਟਲ ਤਾਜ, ਟ੍ਰਾਈਡੇਂਟ ਹੋਟਲ, ਨਰੀਮਨ ਹਾਊਸ ਸਮੇਤ ਮੁੰਬਈ ਦੇ ਕਈ ਮਸ਼ਹੂਰ ਅਤੇ ਮਹੱਤਵਪੂਰਨ ਥਾਵਾਂ ’ਤੇ 60 ਘੰਟਿਆਂ ਤੋਂ ਵੱਧ ਸਮੇਂ ਤੱਕ ਘੇਰਾਬੰਦੀ ਕੀਤੀ, ਹਮਲਾ ਕੀਤਾ ਅਤੇ ਲੋਕਾਂ ਦਾ ਕਤਲ ਕੀਤਾ।’’
ਮੋਦੀ ਨੇ ਕਿਹਾ ਕਿ ਇਸ ਤਿਉਹਾਰੀ ਸੀਜ਼ਨ ਦੌਰਾਨ 4 ਲੱਖ ਕਰੋੜ ਰੁਪਏ ਤੋਂ ਵੱਧ ਦਾ ਕਾਰੋਬਾਰ ਹੋਇਆ ਅਤੇ ਇਸ ਦੌਰਾਨ ਭਾਰਤ ਵਿਚ ਬਣੇ ਉਤਪਾਦਾਂ ਨੂੰ ਖਰੀਦਣ ਲਈ ਲੋਕਾਂ ਵਿਚ ਭਾਰੀ ਉਤਸ਼ਾਹ ਦੇਖਿਆ ਗਿਆ। ਆਲ ਇੰਡੀਆ ਰੇਡੀਓ ’ਤੇ ਪ੍ਰਸਾਰਿਤ ਹੋਣ ਵਾਲੇ ਮਾਸਿਕ ਰੇਡੀਓ ਪ੍ਰੋਗਰਾਮ ’ਮਨ ਕੀ ਬਾਤ’ ’ਚ ਮੋਦੀ ਨੇ ਮੁੰਬਈ ਹਮਲਿਆਂ ’ਚ ਜਾਨਾਂ ਗੁਆਉਣ ਵਾਲਿਆਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਕਿਹਾ ਕਿ ਦੇਸ਼ ਬਹਾਦਰ ਸ਼ਹੀਦਾਂ ਨੂੰ ਯਾਦ ਕਰ ਰਿਹਾ ਹੈ।
’ਮਨ ਕੀ ਬਾਤ’ ਦੇ 107ਵੇਂ ਐਪੀਸੋਡ ’ਚ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਮੋਦੀ ਨੇ ਦੇਸ਼ ਵਾਸੀਆਂ ਨੂੰ ’ਵੋਕਲ ਫਾਰ ਲੋਕਲ’ ਮੁਹਿੰਮ ਨੂੰ ਸਿਰਫ਼ ਤਿਉਹਾਰਾਂ ਤੱਕ ਸੀਮਤ ਨਾ ਰੱਖਣ ਦੀ ਅਪੀਲ ਕੀਤੀ ਅਤੇ ਉਨ੍ਹਾਂ ਨੂੰ ਅਪੀਲ ਕੀਤੀ ਕਿ ਵਿਆਹਾਂ ਦੇ ਸੀਜ਼ਨ ਦੌਰਾਨ ਵੀ ਸਥਾਨਕ ਉਤਪਾਦਾਂ ਦੀ ਚੋਣ ਨੂੰ ਅਹਿਮੀਅਤ ਦਿੱਤੀ ਜਾਣੀ ਚਾਹੀਦੀ ਹੈ ।
previous post
