ਬਾਬਾ ਦੀਪ ਸਿੰਘ 26 ਜਨਵਰੀ (1682-1757) ਦਾ ਜਨਮ ਪਿੰਡ ਪਹੁਵਿੰਡ ਜਿਲਾ ਤਰਨਤਾਰਨ ਮਾਤਾ ਜਿਊਣੀ ਦੀ ਕੁੱਖੋਂ ਪਿਤਾ ਭਗਤਾ ਜੀ ਦੇ ਘਰ ਹੋਇਆ। ਬਚਪਨ ਦਾ ਨਾਮ ਦੀਪਾ ਸੀ। ਜਵਾਨੀ ਦੀ ਦਹਿਲੀਜ਼ ਪਾਰ ਕਰਦੇ ਸਮੇ ਬਾਲਕ ਦੀਪਾ ਸਤਿਗੁਰ ਦੇ ਪਾਵਨ ਅਸਥਾਨ ਸ੍ਰੀ ਅਨੰਦਪੁਰ ਸਾਹਿਬ ਦਸ਼ਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਚਰਨਾ ਵਿੱਚ ਜਾ ਹਾਜ਼ਰ ਹੋੰਇਆ, ਇਥੇ ਹੀ ਗੁਰੂ ਜੀ ਦੀ ਕਿਰਪਾ ਨਾਲ ਅੰਮ੍ਰਿਤਪਾਨ ਕੀਤਾ। ਅੰਮ੍ਰਿਤ ਛਕਣ ਤੋਂ ਬਾਅਦ ਇੰਨ੍ਹਾਂ ਦਾ ਨਾਂ ਬਾਬਾ ਦੀਪ ਸਿੰਘ ਰੱਖਿਆ ਗਿਆ। ਆਪ ਜੀ ਨੇ ਅਨੰਦਪੁਰ ਰਹਿੰਦਿਆਂ ਭਾਈ ਮਨੀ ਸਿੰਘ ਪਾਸੋ ਧਾਰਮਿਕ ਗ੍ਰੰਥਾ ਦੀ ਵਿਦਿਆ ਹਾਸਲ ਕੀਤੀ। ਆਪ ਹਮੇਸ਼ਾ ਭਗਤ ਬੰਦਗੀ ਕਰਦੇ ਰਹਿੰਦੇ ਸੀ। ਇਹ ਸਰੀਰ ਪੱਖੋ ਸਡੌਲ ਮਜ਼ਬੂਤ ਦ੍ਰਿੜ ਇਰਾਦੇ ਵਾਲੇ ਦਲੇਰ ਧਾਰਮਿਕ ਬਿਰਤੀ ਵਾਲੇ ਪੁਰਸ਼ ਸਨ।
ਵਿਦਵਾਨ ਤੇ ਸੂਰਬੀਰ
20-22 ਸਾਲ ਦੀ ਉਮਰ ਵਿੱਚ ਹੀ ਆਪ ਸਿਆਣੇ ਵਿਦਵਾਨ ਤੇ ਸੂਰਬੀਰ ਬਣ ਗਏ। ਇੱਕ ਪਾਸੇ ਸੰਗਤਾਂ ਨੂੰ ਗੁਰਬਾਣੀ ਦਾ ਗਿਆਨ ਵੰਡਦੇ ਤੇ ਦੂਜੇ ਪਾਸੇ ਸਿੱਖਾਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਗੁਰੂ ਨਾਲ ਜੋੜਦੇ, ਨਵਾ ਧਾਰਮਿਕ ਜੋਸ਼ ਭਰਦੇ। ਸਿੰਘ ਸੂਰਮਿਆਂ ਦੇ ਜਥੇ ਤਿਆਰ ਕਰ ਕੇ ਲੋੜ ਸਮੇ ਮੈਦਾਨੇ ਜੰਗ ਵਿੱਚ ਜੈਕਾਰੇ ਬਲਾਉਦੇ। ਦਸ਼ਮ ਪਾਤਸ਼ਾਹ ਸ੍ਰੀ ਅਨੰਦਪੁਰ ਛੱਡਨ ਉਪਰੰਤ ਵੱਖ ਵੱਖ ਸਥਾਨਾਂ ਤੋ ਹੁੰਦੇ ਹੋਏ ਗੁਰਦੁਆਰਾ ਦਮਦਮਾ ਸਾਹਿਬ ਸਾਹਿਬੋ ਕੀ ਤਲਵੰਡੀ ਪੁੱਜੇ। ਇਸ ਪਾਵਨ ਅਸ਼ਥਾਨ ਤੇ ਬਾਬਾ ਦੀਪ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲੇ। ਗੁਰੂ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਏ। ਆਪ ਇੱਕ ਮਹਾਨ ਕੀਰਤਨੀਏ ਤੇ ਵਧੀਆ ਲਿਖਾਰੀ ਸਨ।
ਗੁਰੂ ਕੀ ਕਾਸ਼ੀ
ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਆਦਿ ਬੀੜ ਤਿਆਰ ਕਰਣ ਦਾ ਕੰਮ ਸ਼ੁਰੂ ਕੀਤਾ ਤਾਂ ਬਤੌਰ ਲਿਖਾਰੀ ਬਾਬਾ ਦੀਪ ਸਿੰਘ ਜੀ ਨੇ ਸੇਵਾ ਸੰਭਾਲ਼ੀ। ਗੁਰੂ ਜੀ ਜਦੋਂ ਦੱਖਣ ਵੱਲ ਗਏ ਤਾਂ ਬਾਬਾ ਦੀਪ ਸਿੰਘ ਨੂੰ ਗੁਰੂ ਕੀ ਕਾਸ਼ੀ ਦਮਦਮਾ ਸਾਹਿਬ ਦਾ ਸੇਵਾ ਸੌਂਪ ਗਏ, ਜੋ ਉਹਨਾ ਸੇਵਾ ਬੜ੍ਹੀ ਸ਼ਰਦਾ ਭਾਵਨਾ ਨਾਲ ਨਿਭਾਈ। ਗੁਰੂ ਗ੍ਰੰਥ ਸਾਹਿਬ ਦੀਆਂ ਚਾਰ ਬੀੜਾਂ ਦਾ ਹੱਥੀ ਉਤਾਰਾ ਕੀਤਾ। ਭਾਈ ਮਨੀ ਸਿੰਘ ਤੋ ਬਾਅਦ ਭਾਈ ਦੀਪ ਸਿੰਘ ਹੀ ਵੱਡੇ ਵਿਦਵਾਨ ਸਨ। ਬਾਬਾ ਦੀਪ ਸਿੰਘ ਜੀ ਬਾਰ੍ਹਾਂ ਮਿਸਲਾਂ ਵਿੱਚ ਸੁਪ੍ਰਸਿੱਧ ਮੁੱਖੀਏ ਸਨ। ਆਪ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਲਿਖਣ ਦੀ ਸੇਵਾ ਅਤੇ 18ਵੀ ਸਦੀ ਦੀਆਂ ਵਿਸ਼ੇਸ਼ ਜੰਗਾਂ ਵਿੱਚ ਅਹਿਮ ਹਿੱਸਾ ਲਿਆ। 1757 ਈਸਵੀ ਨੂੰ ਤਮੂਰ ਸ਼ਾਹ ਤੇ ਜਹਾਨ ਖਾਂਨ ਦੁਆਰਾ ਸ੍ਰੀ ਦਰਬਾਰ ਸਾਹਿਬ ਜੀ ਦੀ ਬੇਅਦਬੀ ਕਰਣ , ਪਵਿੱਤਰ ਸਰੋਵਰ ਨੂੰ ਪੂਰ ਦੇਣ ਦੀ ਖ਼ਬਰ ਬਾਬਾ ਜੀ ਨੂੰ ਜਦੋਂ ਦਮਦਮਾ ਸਾਹਿਬ ਵਿਖੇ ਲੱਗੀ ਤਾਂ ਉਸ ਸਮੇ ਬਜ਼ੁਰਗ ਅਵਸਥਾ ਵਿੱਚ ਵੀ 18 ਸੇਰ ਦਾ ਖੰਡਾ ਹੱਥ ਪਕੜ, ਸ੍ਰੀ ਦਰਬਾਰ ਸਾਹਿਬ ਜੀ ਨੂੰ ਅਜ਼ਾਦ ਕਰਵਾਉਣ ਲਈ ਅਤੇ ਜਾਲਮਾ ਨੂੰ ਸਬਕ ਸਿਖਾਉਣ ਲਈ ਪ੍ਰਤਿੱਗਿਆ ਕਰ ਕੇ ਸ੍ਰੀ ਅੰਮ੍ਰਿਤਸਰ ਵੱਲ ਚਲ ਪਏ, ਅੱਗੋਂ ਜਹਾਨ ਖਾਂਨ ਇਹ ਖ਼ਬਰ ਸੁਣ ਕੇ ਸ਼ਹਿਰ ਦੇ ਬਾਹਰ ਗੋਹੜਵਾਲ ਪਿੰਡ ਦੇ ਪਾਸ ਹਜ਼ਾਰਾਂ ਦੀ ਗਿਣਤੀ ਵਿੱਚ ਫੌਜਾਂ ਦੇ ਨਾਲ ਮੋਰਚੇ ਸੰਭਾਲੀ ਬੈਠਾ ਸੀ, ਆਮੋਂ ਸਾਹਮਣੇ ਘਮਸਾਨ ਦਾ ਯੁੱਧ ਹੋਇਆ। ਬਾਬਾ ਜੀ ਸ਼ਹਿਰ ਤੋਂ ਅਜੇ ਹਟਵੇ ਹੀ ਸਨ ਸਨ ਕੀ ਜਮਾਲ ਖਾਨ ਨਾਲ ਆਮੋ ਸਾਹਮਣੇ ਹੋ ਰਹੀ ਰਹੀ ਹੱਥੋ ਹੱਥੀ ਮੁੱਠ ਭੇੜ ਦੀ ਲੜਾਈ ਵਿੱਚ ਦੋਨਾ ਦੇ ਸਿਰ ਕੱਟੇ ਗਏ। ਮੋਤ ਖਿਲਖਲਾ ਕੇ ਹੱਸ ਪਈ, ਪਾਸ ਖੜੇ ਸਿੰਘ ਨੇ ਬਾਬਾ ਜੀ ਨੂੰ ਕੀਤਾ ਪ੍ਰਣ ਯਾਦ ਕਰਵਾਇਆਂ ਤਾਂ ਐਸਾ ਕਰਿਸ਼ਮਾ ਵਾਪਰਿਆਂ ਕੇ ਦੁੱਨੀਆਂ ਦੇ ਇਤਹਾਸ ਵਿੱਚੋਂ ਕੋਈ ਇਹੋ ਜਿਹੀ ਮਿਸਾਲ ਨਹੀਂ ਮਿਲਦੀ। ਬਾਬਾ ਜੀ ਨੇ ਆਪਣਾ ਸੀਸ ਖੱਬੀ ਤਲੀ ਉੱਪਰ ਟਕਾ ਕੇ ਸੱਜੇ ਹੱਥ ਨਾਲ ਐਸਾ ਖੰਡਾ ਚਲਾਇਆ, ਕੀ ਦੁਸ਼ਮਨ ਦੀਆਂ ਫੌਜਾਂ ਵਿੱਚ ਭਾਜੜਾਂ ਪੈ ਗਈਆਂ। ਇਸ ਤਰਾਂ ਘਮਸਾਨ ਦਾ ਯੁੱਧ ਕਰਦਿਆਂ ਬਾਬਾ ਜੀ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ ਤੇ ਆਪਣਾ ਸੀਸ ਸ੍ਰੀ ਹਰਿਮੰਦਰ ਸਾਹਿਬ ਵਿਖੇ ਭੇਟ ਕੀਤਾ। ਬਾਬਾ ਦੀਪ ਸਿੰਘ ਦਾ ਸ਼ਹੀਦੀ ਅਸਥਾਨ ਜੋ ਗੁਰਦੁਆਰਾ ਰਾਮ ਸਰ ਦੇ ਨੇੜੇ ਹੈ। ਜੋ ਬਾਬਾ ਦੀਪ ਸਿੰਘ ਸ਼ਹੀਦ ਗੁਰਦੁਆਰਾ ਹੈ। ਇਸ ਅਸ਼ਥਾਨ ‘ਤੇ ਬਾਬਾ ਦੀਪ ਸਿੰਘ ਦਾ ਸੰਸਕਾਰ ਕੀਤਾ ਗਿਆ। ਸ੍ਰੀ ਹਰਿਮੰਦਰ ਸਾਹਿਬ ਦੀ ਪਰਕਰਮਾ ਵਿੱਚ ਬਾਬਾ ਜੀ ਦਾ ਸੀਸ ਭੇਟ ਕੀਤਾ ਗਿਆ ਉੱਥੇ ਵੀ ਪਾਵਨ ਗੁਰਦੁਆਰਾ ਸੁਭਾਇਮਾਨ ਹੈ। ਇਹ ਬਾਬਾ ਦੀਪ ਸਿੰਘ ਦੀ ਅਦੁੱਤੀ ਸ਼ਹਾਦਤ ਨੂੰ ਯਾਦ ਕਰਵਾਉਂਦਾ ਹੈ ਅਤੇ ਗੁਰਧਾਮਾਂ ਦੀ ਪਵਿੱਤਰਤਾ ਬਰਕਰਾਰ ਰੱਖਣ ਲਈ ਪ੍ਰੇਰਨਾ ਸਰੌਤ ਹੈ। ਬਾਬਾ ਦੀਪ ਸਿੰਘ ਦਾ ਉਹ ਧਾਰਾ- ਖੰਡਾ ਸ੍ਰੀ ਅਕਾਲ ਤੱਖਤ ਦੇ ਸ਼ਸਤਰਾਂ ਵਿੱਚ ਸੰਭਾਲ਼ ਕੇ ਰੱਖਿਆ ਹੈ। ਜਿਸ ਦੇ ਹਰ ਰੋਜ਼ ਸਾਮ ਸੰਗਤਾ ਨੂੰ ਦਰਸ਼ਨ ਕਰਵਾਏ ਜਾਂਦੇ ਹਨ। ਇੱਕ ਬੰਨੇ ਬਾਬਾ ਦੀਪ ਸਿੰਘ ਜੀ ਹਰਿਮੰਦਰ ਸਾਹਿਬ ਦੀ ਬੇਅਦਬੀ ਦਾ ਬਦਲਾ ਲੈਣ ਲਈ ਬੇਅਦਬੀ ਕਰਣ ਵਾਲਿਆ ਨੂੰ ਮੌਤ ਦੇ ਘਾਟ ਉਤਾਰ ਆਪ ਖੁਦ ਸ਼ਹਾਦਤ ਪ੍ਰਾਪਤ ਕਰ ਗਏ।
ਦੂਸਰੇ ਪਾਸੇ ਅੱਜ ਹਰ ਰੋਜ਼ ਸ਼ਰਾਰਤੀ ਅਨਸਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰ ਰਹੇ ਹਨ। ਬਰਗਾੜੀ ਵਿੱਚ ਜਿਹੜੇ ਵੀ ਵਿਅਕਤੀਆਂ ਨੇ ਬੇਅਦਬੀ ਕੀਤੀ ਹੈ, ਅਜਿਹੇ ਲੋਕਾ ਨੂੰ ਸਮਝਨਾ ਚਾਹੀਦਾ ਹੈ ਉਨ੍ਹਾਂ ਦਾ ਅੰਤ ਵੀ ਇਸੇ ਤਰਾਂ ਹੋਵੇਗਾ ਜਿਸ ਤਰਾਂ ਬਾਬਾ ਦੀਪ ਸਿੰਘ ਨੇ ਜਿੰਨਾਂ ਨੇ ਹਰਿਮੰਦਰ ਸਾਹਿਬ ਦੀ ਬੇਅਦਬੀ ਕੀਤੀ ਦਾ ਹਸ਼ਰ ਕੀਤਾ। ਸਾਨੂੰ ਹਰ ਪ੍ਰਾਣੀ ਨੂੰ ਬਾਬਾ ਦੀਪ ਸਿੰਘ ਜੀ ਦੀ ਜਨਮ ਦਿਵਸ ਪਰ ਬਾਬਾ ਜੀ ਦੇ ਪੂਰਨਿਆਂ ਤੇ ਚਲ ਬੇਅਦਬੀ ਕਾਢ ਦੇ ਦੋਸੀਆ ਨੂੰ ਸਜ਼ਾ ਦਿਵਾਉਣ ਲਈ ਅਰਦਾਸ ਕਰਣੀ ਚਾਹੀਦੀ ਹੈ। ਬਾਬਾ ਦੀਪ ਸਿੰਘ ਜੀ ਦੇ ਦੱਸੇ ਹੋਏ ਮਾਰਗ ਤੇ ਚੱਲਣਾ ਚਾਹੀਦਾ ਹੈ। ਨੋਜਵਾਨ ਪੀੜੀ ਜੋ ਆਪਣੇ ਸਹਿੱਤ ਤੋਂ ਦੂਰ ਹੈ ਸਕੂਲ ਲੈਵਲ ਤੇ ਸਰਕਾਰਾ ਤੇ ਖ਼ਾਸ ਕਰ ਸ਼ਰੋਮਨੀ ਕਮੇਟੀ ਨੂੰ ਸਿੱਖ ਇਤਹਾਸ ਬਾਰੇ ਤਲੀਮ ਦੇਣੀ ਚਾਹੀਦੀ ਹੈ।ਸਿੱਖ ਸੂਰਬੀਰ ਵਿਦਵਾਨਾ ਦੇ ਧਾਰਮਕ ਸਮਾਗਮ ਕਰਵਾਉਣੇ ਚਾਹੀਦੇ ਹਨ। ਇਹ ਹੀ ਬਾਬਾ ਦੀਪ ਸਿੰਘ ਨੂੰ ਉਨਾਂ ਦੇ ਜਨਮ ਦਿਨ ਪਰ ਸੱਚੀ ਸ਼ਰਧਾਂਜਲੀ ਹੋਵੇਗੀ।
– ਗੁਰਮੀਤ ਸਿੰਘ ਵੇਰਕਾ ਐਮਏ ਪੁਲਿਸ ਐਡਮਨਿਸਟਰੇਸ਼ਨ