ਮੁੰਬਈ – ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਦੇ ਲਈ ਵੋਟਾਂ ਅਮਨ-ਅਮਾਨ ਦੇ ਨਾਲ ਪੈ ਗਈਆਂ ਹਨ ਅਤੇ ਕਈ ਐਗਜ਼ੈਟ ਪੋਲ ਵੀ ਆਉਣੇ ਸ਼ੁਰੂ ਹੋ ਗਏ ਹਨ। ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਦੇ ਵਿੱਚ ਬਾਲੀਵੁੱਡ ਕਲਾਕਾਰਾਂ ਨੇ ਵੱਧ ਚੜ੍ਹਕੇ ਹਿੱਸਾ ਲਿਆ ਅਤੇ ਆਪਣੀਆਂ ਵੋਟਾਂ ਪਾਈਆਂ।
ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਵਿੱਚ ਸੱਤਾਧਾਰੀ ਮਹਾਯੁਤੀ ਸੱਤਾ ਵਿਚ ਬਰਕਰਾਰ ਰਹਿ ਸਕਦੀ ਹੈ। ਦੂਜੇ ਪਾਸੇ ਵਿਰੋਧੀ ਪਾਰਟੀ ਮਹਾ ਵਿਕਾਸ ਅਗਾੜੀ (ਐਮਵੀਏ) ਨੇ ਵੀ ਸਖਤ ਟੱਕਰ ਦਿੱਤੀ ਹੈ। ਇਹ ਖੁਲਾਸਾ ਕਈ ਐਗਜ਼ਿਟ ਪੋਲ ਤੋਂ ਹੋਇਆ ਹੈ। ਇਸ ਸੂਬੇ ਦੀਆਂ ਵਿਧਾਨ ਸਭਾ ਦੀਆਂ 288 ਸੀਟਾਂ ਹਨ। ਰਿਪਬਲਿਕ ਟੀਵੀ-ਪੀਐਮਏਆਰਕਿਊ ਐਗਜ਼ਿਟ ਪੋਲ ਅਨੁਸਾਰ ਮਹਾਯੁਤੀ ਗਠਜੋੜ ਨੂੰ 137-157 ਸੀਟਾਂ ਮਿਲ ਸਕਦੀਆਂ ਹਨ, ਜਦੋਂ ਕਿ ਮਹਾਂ ਵਿਕਾਸ ਅਗਾੜੀ ਨੂੰ 126-147 ਅਤੇ ਹੋਰਾਂ ਨੂੰ 2-8 ਸੀਟਾਂ ਮਿਲ ਸਕਦੀਆਂ ਹਨ। ਦੱਸਣਾ ਬਣਦਾ ਹੈ ਕਿ ਮਹਾਯੁਤੀ ਵਿੱਚ ਭਾਜਪਾ, ਸ਼ਿਵ ਸੈਨਾ ਅਤੇ ਐਨਸੀਪੀ ਸ਼ਾਮਲ ਹਨ ਜਦਕਿ ਵਿਰੋਧੀ ਮਹਾਂ ਵਿਕਾਸ ਅਗਾੜੀ ਵਿੱਚ ਕਾਂਗਰਸ, ਸ਼ਿਵ ਸੈਨਾ (ਯੂਬੀਟੀ) ਅਤੇ ਐਨਸੀਪੀ (ਐਸਪੀ) ਸ਼ਾਮਲ ਹਨ।
ਏਬੀਪੀ-ਮੈਟਰਾਈਜ਼ ਐਗਜ਼ਿਟ ਪੋਲ ਅਨੁਸਾਰ ਮਹਾਯੁਤੀ ਗਠਜੋੜ ਨੂੰ 150-170 ਸੀਟਾਂ ਅਤੇ ਮਹਾਂ ਵਿਕਾਸ ਅਗਾੜੀ ਨੂੰ 110-130 ਸੀਟਾਂ ਦਾ ਅਨੁਮਾਨ ਹੈ। ਇਸ ਅਨੁਸਾਰ ਹੋਰਨਾਂ ਨੂੰ 8-10 ਸੀਟਾਂ ਮਿਲ ਸਕਦੀਆਂ ਹਨ।