Health & FitnessArticles

ਮਾਈਗਰੇਨ ਲਈ ਯੋਗ

ਮਾਈਗਰੇਨ ਤੋਂ ਬਚਣ ਲਈ ਕਿਸੇ ਵੀ ਚੀਜ਼ ਵਿੱਚ ਅਤਿ ਤੋਂ ਬਚੋ।
ਲੇਖਕ: ਅਸ਼ਵਨੀ ਗੁਰੂਜੀ, ਧਿਆਨ ਫਾਊਂਡੇਸ਼ਨ।

ਯੋਗ ਇੱਕ 5000 ਸਾਲ ਪੁਰਾਣਾ ਵਿਗਿਆਨ ਹੈ। ਜਦੋਂ ਪੂਰੀ ਦੁਨੀਆਂ ਗੁਫ਼ਾਵਾਂ ਅਤੇ ਜੰਗਲਾਂ ਵਿੱਚ ਰਹਿ ਰਹੀ ਸੀ, ਉਸ ਸਮੇਂ ਭਾਰਤ ਦੇ ਉੱਚ ਸੱਭਿਆਚਾਰ ਵਾਲੇ ਲੋਕ ਸ੍ਰਿਸ਼ਟੀ ਦੇ ਰਾਜ਼ ਵਿਗਿਆਨਕ ਢੰਗ ਨਾਲ ਖੋਲ੍ਹ ਰਹੇ ਸਨ — ਇੰਨਾ ਵਿਗਿਆਨਕ ਢੰਗ ਨਾਲ ਕਿ ਅੱਜ ਤੱਕ ਆਧੁਨਿਕ ਵਿਗਿਆਨ ਉਨ੍ਹਾਂ ਦੀ ਸਹੀਅਤਾ ਅਤੇ ਸੁਚੋਕਤਾ ਦੀ ਬਰਾਬਰੀ ਨਹੀਂ ਕਰ ਸਕਿਆ। ਇਸ ਲੇਖ ਵਿੱਚ ਅਸੀਂ ਮਨੁੱਖੀ ਜੀਵਨ ਦੀ ਇੱਕ ਆਮ ਸਮੱਸਿਆ — ਮਾਈਗਰੇਨ — ਬਾਰੇ ਇਸ 5000 ਸਾਲ ਪੁਰਾਣੇ ਵਿਗਿਆਨ ਦੀ ਰੌਸ਼ਨੀ ਵਿੱਚ ਗੱਲ ਕਰਾਂਗੇ, ਤਾਂ ਜੋ ਜੀਵਨ ਦੇ ਹਰ ਖੇਤਰ ਵਿੱਚ ਸੰਤੁਲਨ ਪ੍ਰਾਪਤ ਕੀਤਾ ਜਾ ਸਕੇ।

ਆਯੁਰਵੇਦ ਵਿੱਚ ਦੋ ਅਵਸਥਾਵਾਂ — ਅਰਧਾਵਭੇਦ (ਅੱਧਾ ਸਿਰ ਦਰਦ) ਅਤੇ ਅਨੰਤਵਾਤਾ (ਇਕ ਪਾਸੇ ਦਾ ਦਰਦ) — ਮਾਈਗਰੇਨ ਨਾਲ ਮਿਲਦੀਆਂ ਹਨ। ਮਾਈਗਰੇਨ ਨੂੰ ਆਮ ਤੌਰ ‘ਤੇ ਸਿਰ ਦਰਦ ਸਮਝ ਲਿਆ ਜਾਂਦਾ ਹੈ, ਪਰ ਇਹ ਸਿਰਫ਼ ਦਰਦ ਨਹੀਂ ਹੁੰਦਾ; ਸਿਰ ਦਰਦ ਇਸ ਗੜਬੜ ਦਾ ਸਿਰਫ਼ ਇਕ ਲੱਛਣ ਹੁੰਦਾ ਹੈ ਜੋ ਕਿਸੇ ਹੋਰ ਥਾਂ ਪੈਦਾ ਹੁੰਦੀ ਹੈ।

ਇਸ ਦੇ ਮੁੱਖ ਤੌਰ ‘ਤੇ ਦੋ ਕਾਰਨ ਹਨ। ਆਮ ਤੌਰ ‘ਤੇ ਪਿੱਤ ਦੋਸ਼ ਦਾ ਵਧ ਜਾਣਾ ਇਸ ਸਮੱਸਿਆ ਦਾ ਮੂਲ ਕਾਰਨ ਹੁੰਦਾ ਹੈ। ਪਿੱਤ ਦੋਸ਼ ਪਚਨ ਤੰਤ੍ਰ ਨੂੰ ਖਰਾਬ ਕਰਦਾ ਹੈ, ਜਿਸ ਨਾਲ ਉਤਪੰਨ ਹੋਇਆ ਆਮਾ ਮਨੋਵਾਹ ਸ੍ਰੋਤਾਂ (ਮਨ ਦੇ ਚੈਨਲਾਂ) ਵਿੱਚ ਇਕੱਠਾ ਹੋ ਜਾਂਦਾ ਹੈ ਅਤੇ ਮਾਈਗਰੇਨ ਦਾ ਕਾਰਨ ਬਣਦਾ ਹੈ। ਕਈ ਵਾਰ ਇਹ ਰਕਤ ਧਾਤੂ ਦੀ ਗੜਬੜ ਨਾਲ ਵੀ ਜੁੜਿਆ ਹੁੰਦਾ ਹੈ, ਜਿਸ ਨਾਲ ਦਿਮਾਗ ਦੇ ਢਕਣ ਵਾਲੇ ਹਿੱਸੇ (meninges) ਵਿੱਚ ਰਕਤ ਦਾ ਪ੍ਰਭਾਹ ਵੱਧ ਜਾਂਦਾ ਹੈ। ਕੁਝ ਵਿਰਲੇ ਮਾਮਲਿਆਂ ਵਿੱਚ ਦਿਮਾਗ ਦੀਆਂ ਨਸਾਂ ਦੀ ਸੋਜ ਵੀ ਮਾਈਗਰੇਨ ਦਾ ਕਾਰਨ ਬਣਦੀ ਹੈ।

ਪੁਸਤਕ, ‘ਸਨਾਤਨ ਕ੍ਰਿਆ: ਦਿ ਏਜਲੈੱਸ ਡਾਇਮੈਨਸ਼ਨ’ (Sanatan kriya: The Ageless Dimension) ਸਰੀਰ ਦੀਆਂ ਵੱਖ-ਵੱਖ ਧਾਤੂਆਂ ਅਤੇ ਤੱਤਾਂ ਵਿੱਚ ਸੰਤੁਲਨ ਬਹਾਲ ਕਰਨ ਲਈ ਵੱਖ-ਵੱਖ ਕ੍ਰਿਆਵਾਂ ਅਤੇ ਉਪਾਵਾਂ ਬਾਰੇ ਵਿਸਥਾਰ ਵਿੱਚ ਦੱਸਦੀ ਹੈ। ਪਾਠਕਾਂ ਦੇ ਲਾਭ ਲਈ, ਮੈਂ ਇੱਥੇ ਮਾਈਗਰੇਨ ਦੀ ਸਮੱਸਿਆ ਨਾਲ ਨਜਿੱਠਣ ਲਈ ਇਹਨਾਂ ਵਿੱਚੋਂ ਕੁਝ ਤਕਨੀਕਾਂ ਦਾ ਜ਼ਿਕਰ ਕਰ ਰਿਹਾ ਹਾਂ।

ਮਾਈਗਰੇਨ ਤੋਂ ਬਚਣ ਲਈ ਕਿਸੇ ਵੀ ਚੀਜ਼ ਵਿੱਚ ਅਤਿ ਤੋਂ ਬਚੋ। ਤੁਹਾਡੀ ਜੀਵਨ ਸ਼ੈਲੀ ‘ਅਤਿ ਸਰਵਤ੍ਰ ਵਰਜਯੇਤ’ (ati sarvatra varjayeth) ਜਾਂ ਹਰ ਚੀਜ਼ ਵਿੱਚ ਸੰਜਮ ਨੂੰ ਦਰਸਾਉਂਦੀ ਹੋਣੀ ਚਾਹੀਦੀ ਹੈ। ਤੁਰੰਤ ਆਰਾਮ ਦੇਣ ਵਾਲੀਆਂ ਦਰਦ ਨਿਵਾਰਕ ਦਵਾਈਆਂ (painkillers) ਤੋਂ ਪਰਹੇਜ਼ ਕਰੋ ਕਿਉਂਕਿ ਇਹ ਸਮੱਸਿਆ ਨੂੰ ਹੋਰ ਵਧਾਉਂਦੀਆਂ ਹਨ ਅਤੇ ਇੱਕ ਵਾਰ ਉਹਨਾਂ ਦਾ ਅਸਰ ਖਤਮ ਹੋ ਜਾਣ ‘ਤੇ ਸਿਰ ਦਰਦ ਦੀ ਬਾਰੰਬਾਰਤਾ ਵਧਣੀ ਸ਼ੁਰੂ ਹੋ ਜਾਂਦੀ ਹੈ, ਨਾਲ ਹੀ ਫਿਰ ਤੁਸੀਂ ਇਸਦੇ ਕਾਰਨਾਂ ਦੀ ਭਾਲ ਨਹੀਂ ਕਰਦੇ ਅਤੇ ਦਰਦ ਅਤੇ ਗੋਲੀਆਂ ਦੇ ਇੱਕ ਦੁਸ਼ਟ ਚੱਕਰ ਵਿੱਚ ਫਸ ਜਾਂਦੇ ਹੋ। ਇਸ ਦੀ ਬਜਾਏ, ਸ਼ਾਂਤ ਤੇ ਹਨੇਰੇ ਕਮਰੇ ਵਿੱਚ ਲੇਟ ਜਾਓ ਅਤੇ ਗਰਦਨ ਜਾਂ ਮੱਥੇ ਤੇ ਬਰਫ਼ ਦੀ ਸਿਕਾਈ ਕਰੋ। ਤੁਸੀਂ ਕੁਝ ਅਦਰਕ ਕੂਟ ਕੇ ਉਸ ਦਾ ਪੇਸਟ ਮੱਥੇ ਤੇ ਲਗਾ ਸਕਦੇ ਹੋ।

ਨਾਡੀ ਸ਼ੋਧਨ ਪ੍ਰਾਣਾਯਾਮ ਬਹੁਤ ਪ੍ਰਭਾਵਸ਼ਾਲੀ ਤਕਨੀਕ ਹੈ ਜੋ ਸਰੀਰ ਨੂੰ ਸ਼ੁੱਧ ਕਰਦੀ ਹੈ ਅਤੇ ਸੰਤੁਲਨ ਦੀ ਅਵਸਥਾ ਵਿੱਚ ਲਿਆਉਂਦੀ ਹੈ।

1. ਇਸ ਲਈ ਸਿੱਧੇ ਬੈਠੋ, ਰੀੜ੍ਹ ਦੀ ਹੱਡੀ ਬਿਲਕੁਲ ਸਿੱਧੀ ਹੋਵੇ।
2. ਮੱਧਲੀ ਉਂਗਲ ਭੌਆਂ ਦੇ ਵਿਚਕਾਰ ਰੱਖੋ। ਅੰਗੂਠਾ ਸੱਜੀ ਨੱਕ ਤੇ ਅਤੇ ਅੰਗੂਠੀ ਵਾਲੀ ਉਂਗਲ ਖੱਬੀ ਨੱਕ ਤੇ ਰੱਖੋ। ਖੱਬੀ ਨੱਕ ਨਾਲ ਸਾਹ ਲਵੋ ਤੇ ਸੱਜੀ ਨਾਲ ਛੱਡੋ। ਫਿਰ ਸੱਜੀ ਨਾਲ ਸਾਹ ਲਵੋ ਤੇ ਖੱਬੀ ਨਾਲ ਛੱਡੋ। ਇਹ  ਇੱਕ ਚਕਰ ਹੋਇਆ।
3. ਤੁਸੀਂ ਚਾਰ ਦੀ ਗਿਣਤੀ ਤੱਕ ਸਾਹ ਅੰਦਰ ਲਓ ਅਤੇ ਅੱਠ ਜਾਂ ਬਾਰਾਂ ਜਾਂ ਸੋਲ੍ਹਾਂ ਦੀ ਗਿਣਤੀ ਤੱਕ ਸਾਹ ਬਾਹਰ ਛੱਡੋ।

4. ਇਹ ਬਿਨਾਂ ਸਾਹ ਰੋਕੇ ਇੱਕ ਲੈਅਬੱਧ ਗਤੀ ਹੋਣੀ ਚਾਹੀਦੀ ਹੈ। ਸੱਤ ਚੱਕਰਾਂ ਨਾਲ ਸ਼ੁਰੂ ਕਰੋ ਅਤੇ ਹੌਲੀ-ਹੌਲੀ ਵਧਾਓ।

ਇਸ ਪ੍ਰਾਣਾਯਾਮ ਨੂੰ ‘ਸਨਾਤਨ ਕ੍ਰਿਆ’ ਵਿੱਚ ਦੱਸੇ ਅਨੁਸਾਰ ‘ਚੱਕਰ ਸੰਤੁਲਨ ਪ੍ਰਾਣਾਯਾਮ’ (Chakra Santulan Pranayam) ਦੇ ਨਾਲ ਕਰੋ। ਕੋਈ ਵੀ ਪ੍ਰਾਣਾਯਾਮ ਕਰਦੇ ਸਮੇਂ, ਹਵਾਦਾਰ ਕਮਰੇ ਵਿੱਚ ਬੈਠਣਾ ਜ਼ਰੂਰੀ ਹੈ। ਪ੍ਰਾਣਾਯਾਮ ਦਾ ਅਭਿਆਸ ਤੇਜ਼ ਹਵਾ ਜਾਂ ਧੂੜ ਭਰੇ ਵਾਤਾਵਰਨ ਵਿੱਚ ਜਾਂ ਏਅਰ ਕੂਲਰ ਜਾਂ ਪੱਖੇ ਦੀ ਸਿੱਧੀ ਹਵਾ ਹੇਠ ਨਹੀਂ ਕਰਨਾ ਚਾਹੀਦਾ। ਇਹ ਸਿਫਾਰਸ਼ ਕੀਤੀ ਜਾਂਦੀ ਹੈ ਕਿ ਪ੍ਰਾਣਾਯਾਮ ਕਿਸੇ ਮਾਹਿਰ ਦੀ ਸਖ਼ਤ ਨਿਗਰਾਨੀ ਹੇਠ ਕੀਤਾ ਜਾਵੇ। ਬਿਨਾਂ ਨਿਗਰਾਨੀ ਦੇ, ਟੀਵੀ ਤੋਂ ਨਕਲ ਕਰਕੇ ਜਾਂ ਕਿਤੋਂ ਪੜ੍ਹ ਕੇ ਪ੍ਰਾਣਾਯਾਮ ਕਰਨਾ ਸਰੀਰ ਵਿੱਚ ਲੰਬੇ ਸਮੇਂ ਤੱਕ ਨਾ ਠੀਕ ਹੋਣ ਵਾਲਾ ਨੁਕਸਾਨ ਪਹੁੰਚਾ ਸਕਦਾ ਹੈ।

ਕੁਝ ਹੋਰ ਰਾਹਤ ਲਈ, ਗਿਲੋਏ (Tinospora cordifolia) ਦਾ ਰਸ ਕੱਢ ਕੇ ਇੱਕ ਚਮਚ ਸ਼ਹਿਦ ਨਾਲ ਮਿਲਾ ਕੇ ਪੀਓ। ਨਹੀਂ ਤਾਂ ਤਿੰਨ ਗ੍ਰਾਮ ਧਨੀਆ, ਪੰਜ ਗ੍ਰਾਮ ਲੈਵੇਂਡਰ ਦੇ ਫੁੱਲ, ਪੰਜ ਕਾਲੇ ਮਿਰਚ ਦੇ ਦਾਣੇ ਅਤੇ ਪੰਜ ਬਦਾਮ (ਜਿਨ੍ਹਾਂ ਨੂੰ ਰਾਤ ਭਰ ਭਿੱਜੋ ਕੇ ਛਿਲਕਾ ਉਤਾਰ ਲਓ) ਪੀਸ ਕੇ ਪਾਣੀ ਨਾਲ ਪੇਸਟ ਬਣਾਓ, ਛਾਣ ਕੇ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਲਓ।

ਜੇ ਦਰਦ ਬਹੁਤ ਜ਼ਿਆਦਾ ਹੋਵੇ ਤਾਂ ਗਰਮ ਪਾਣੀ ਵਿੱਚ ਕੁਝ ਬੂੰਦਾਂ ਖ਼ਾਲਿਸ ਯੂਕਲਿਪਟਸ ਤੇਲ ਪਾ ਕੇ 15–20 ਮਿੰਟ ਪੈਰ ਡੁਬੋ ਕੇ ਬੈਠੋ। ਇਸ ਨਾਲ ਤੁਰੰਤ ਰਾਹਤ ਮਿਲਦੀ ਹੈ।

ਅਸ਼ਵਿਨੀ ਗੁਰੂਜੀ ਧਿਆਨ ਫਾਊਂਡੇਸ਼ਨ ਦੇ ਮਾਰਗ ਦਰਸ਼ਕ ਹਨ ਅਤੇ ਵੈਦਿਕ ਵਿਗਿਆਨ ਦੇ ਮਾਹਿਰ ਹਨ। ਉਹਨਾਂ ਦੀ ਪੁਸਤਕ, ‘ਸਨਾਤਨ ਕ੍ਰਿਆ, ਦਿ ਏਜਲੈੱਸ ਡਾਇਮੈਨਸ਼ਨ’ ਐਂਟੀ-ਏਜਿੰਗ (ਵਧਦੀ ਉਮਰ ਨੂੰ ਰੋਕਣ) ‘ਤੇ ਇੱਕ ਪ੍ਰਸਿੱਧ ਗ੍ਰੰਥ ਹੈ। ਹੋਰ ਜਾਣਕਾਰੀ ਲਈ www.dhyanfoundation.com ‘ਤੇ ਲੌਗ ਆਨ ਕਰੋ ਜਾਂ dhyan@dhyanfoundation.com ‘ਤੇ ਮੇਲ ਕਰੋ।

Related posts

10 ਸਤੰਬਰ: ਵਿਸ਼ਵ ਆਤਮ ਹੱਤਿਆ ਰੋਕਥਾਮ ਦਿਵਸ

admin

ਕਿਤਾਬਾਂ ਤੇ ਅਖ਼ਬਾਰਾਂ ਨੂੰ ਆਪਣਾ ਸਾਥੀ ਬਣਾਓ, ਜ਼ਿੰਦਗੀ ਜਿਉਣ ਤੇ ਦੇਖਣ ਦਾ ਤੁਹਾਡਾ ਨਜ਼ਰੀਆ ਬਦਲ ਜਾਵੇਗਾ !

admin

ਜੇਲ੍ਹ ਦੇ ਵਿੱਚ ਸਜ਼ਾ ਭੁਗਤ ਰਹੇ ਇੱਕ ਕੈਦੀ ਨੇ ਬਣਾਇਆ ਸੀ ਦੁਨੀਆਂ ਦਾ ਪਹਿਲਾ ਟੁੱਥਬਰੱਸ਼ !

admin