ਫ਼ਿਰੋਜ਼ਾਬਾਦ – ਉੱਤਰ ਪ੍ਰਦੇਸ਼ ਦੇ ਫ਼ਿਰੋਜ਼ਾਬਾਦ ’ਚ ਆਗਰਾ-ਲਖਨਊ ਐਕਸਪ੍ਰੈਸ ਵੇਅ ’ਤੇ ਸ਼ਨੀਵਾਰ ਤੜਕੇ ਸ਼ਰਧਾਲੂਆਂ ਨਾਲ ਭਰੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ ’ਚ 40 ਯਾਤਰੀ ਜ਼ਖ਼ਮੀ ਹੋ ਗਏ ਹਨ। ਜ਼ਖ਼ਮੀਆਂ ਨੂੰ ਪੁਲਿਸ ਅਤੇ ਯੂਪੀਡੀਏ ਨੇ ਸੈਫ਼ਈ ਅਤੇ ਫ਼ਿਰੋਜ਼ਾਬਾਦ ਦੇ ਮੈਡੀਕਲ ਕਾਲਜਾਂ ’ਚ ਦਾਖ਼ਲ ਕਰਵਾਇਆ ਹੈ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਹ ਹਾਦਸਾ ਡਰਾਈਵਰ ਦੇ ਸੌਣ ਕਾਰਨ ਵਾਪਰਿਆ ਹੈ। ਕਈ ਵਿਅਕਤੀਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਬੱਸ ਬੈਠੇ ਸਾਰੇ ਸ਼ਰਧਾਲੂ ਛੱਤੀਸਗੜ੍ਹ ਦੇ ਰਹਿਣ ਵਾਲੇ ਹਨ। ਸ਼ਰਧਾਲੂ ਜੰਮੂ ਦੇ ਕਟੜਾ ’ਚ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰਕੇ ਵਾਪਸ ਆ ਰਹੇ ਸਨ।
ਇਹ ਹਾਦਸਾ ਫ਼ਿਰੋਜ਼ਾਬਾਦ ਜ਼ਿਲ੍ਹੇ ਦੇ ਨਸੀਰਪੁਰ ਥਾਣਾ ਖੇਤਰ ’ਚ ਆਗਰਾ-ਲਖਨਊ ਐਕਸਪ੍ਰੈਸ ਵੇਅ ’ਤੇ ਮਾਈਲਸਟੋਨ ਨੰਬਰ 51 ਨੇੜੇ ਵਾਪਰਿਆ। ਪੁਲਿਸ ਅਨੁਸਾਰ ਹਾਦਸੇ ਦਾ ਸ਼ਿਕਾਰ ਹੋਈ ਬੱਸ ’ਚ ਕਰੀਬ 65 ਸ਼ਰਧਾਲੂ ਸਵਾਰ ਸਨ, ਜੋ ਵੈਸ਼ਨੋ ਦੇਵੀ ਮਾਤਾ ਦੇ ਦਰਸ਼ਨ ਕਰਕੇ ਛੱਤੀਸਗੜ੍ਹ ਜਾ ਰਹੇ ਸਨ। ਇਹ ਹਾਦਸਾ ਤੜਕੇ 3.30 ਵਜੇ ਡਰਾਈਵਰ ਦੇ ਨੀਂਦ ਆਉਣ ਕਾਰਨ ਬੱਸ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਪਲਟ ਗਈ। ਹਾਦਸੇ ਤੋਂ ਬਾਅਦ ਸਵਾਰੀਆਂ ’ਚ ਚੀਕ ਚਿਹਾੜਾ ਪੈ ਗਿਆ।
ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਨਸੀਰਪੁਰ ਦੀ ਪੁਲਿਸ ਅਤੇ ਉਪੇਡਾ ਦੀ ਟੀਮ ਮੌਕੇ ’ਤੇ ਪਹੁੰਚ ਗਈਆਂ।ਘਟਨਾ ਦੌਰਾਨ 40 ਯਾਤਰੀ ਜ਼ਖ਼ਮੀ ਹੋਏ ਹਨ, ਜਿਨ੍ਹਾਂ ’ਚੋਂ ਗੰਭੀਰ ਜ਼ਖ਼ਮੀਆਂ ਨੂੰ ਮੈਡੀਕਲ ਕਾਲਜ ਸੈਫਈ ’ਚ ਭਰਤੀ ਕਰਵਾਇਆ ਗਿਆ ਹੈ ਅਤੇ ਆਮ ਜ਼ਖ਼ਮੀਆਂ ਨੂੰ ਸ਼ਿਕੋਹਾਬਾਦ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਹਾਦਸੇ ’ਚ ਜ਼ਖ਼ਮੀ ਹੋਏ ਕਰੀਬ 20 ਤੋਂ 25 ਯਾਤਰੀਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਜਾਣਕਾਰੀ ਦਿੰਦਿਆਂ ਥਾਣਾ ਇੰਚਾਰਜ ਨਸੀਰਪੁਰ ਸ਼ੇਰ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਸ਼ਾਇਦ ਡਰਾਈਵਰ ਦੇ ਸੌਂ ਜਾਣ ਕਾਰਨ ਵਾਪਰਿਆ ਹੈ, ਜਿਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਸਾਰੇ ਲੋਕ ਛੱਤੀਸਗੜ੍ਹ ਦੇ ਰਹਿਣ ਵਾਲੇ ਹਨ। ਹਾਦਸਾਗ੍ਰਸਤ ਵਾਹਨ ਨੂੰ ਮੌਕੇ ਤੋਂ ਹਟਾ ਲਿਆ ਗਿਆ ਹੈ।