ਨਵੀਂ ਦਿੱਲੀ— ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੇ ਬੁੱਧਵਾਰ ਨੂੰ ਇੱਥੇ ਕਿਹਾ ਕਿ ਉਹ ਮੈਚ ‘ਚ ਪਹਿਲਾਂ ਤੋਂ ਰਣਨੀਤੀ ਤੈਅ ਕਰਨ ਦੀ ਬਜਾਏ ਖੁਦ ਨੂੰ ਹਾਲਾਤ ਮੁਤਾਬਕ ਢਾਲਣ ਦੀ ਕੋਸ਼ਿਸ਼ ਕਰਦਾ ਹੈ। ਭਾਰਤੀ ਟੀਮ ਵੀਰਵਾਰ ਨੂੰ ਇੱਥੇ ਬੰਗਲਾਦੇਸ਼ ਖਿਲਾਫ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦਾ ਦੂਜਾ ਮੈਚ ਖੇਡੇਗੀ। ਨੌਜਵਾਨ ਖਿਡਾਰੀਆਂ ਨਾਲ ਸ਼ਿੰਗਾਰੀ ਭਾਰਤੀ ਟੀਮ ਦੇ ਮੁੱਖ ਤੇਜ਼ ਗੇਂਦਬਾਜ਼ਾਂ ‘ਚੋਂ ਇਕ ਅਰਸ਼ਦੀਪ ਨੇ ਮੈਚ ਦੀ ਪੂਰਵ ਸੰਧਿਆ ‘ਤੇ ਕਿਹਾ, ‘ਮੈਂ ਕਿਸੇ ਵੀ ਮੈਚ ‘ਚ ਤੈਅ ਮਾਨਸਿਕਤਾ ਨਾਲ ਨਹੀਂ ਆਉਂਦਾ। ਮੈਂ ‘ਨਿਰਪੱਖ ਮਾਨਸਿਕਤਾ’ (ਪੂਰਵ-ਨਿਰਧਾਰਤ ਯੋਜਨਾ ਤੋਂ ਬਿਨਾਂ) ਦੇ ਨਾਲ ਮੈਚ ਵਿੱਚ ਜਾਣਾ ਪਸੰਦ ਕਰਦਾ ਹਾਂ। ਮੈਂ ਵਿਰੋਧੀ ਟੀਮ ਦੇ ਸਾਹਮਣੇ ਹਾਲਾਤ ਮੁਤਾਬਕ ਢਲਣ ਦੀ ਕੋਸ਼ਿਸ਼ ਕਰਦਾ ਹਾਂ।ਟੀ-20 ਵਿਸ਼ਵ ਕੱਪ ਜੇਤੂ ਅਰਸ਼ਦੀਪ ਸਿੰਘ ਨੂੰ ਭਵਿੱਖ ਬਾਰੇ ਚਿੰਤਾ ਜਾਂ ਅਤੀਤ ਬਾਰੇ ਸੋਚਣਾ ਪਸੰਦ ਨਹੀਂ ਹੈ। ਆਪਣੇ ਦੋ ਸਾਲ ਦੇ ਕਰੀਅਰ ‘ਚ ਦੋ ਟੀ-20 ਵਿਸ਼ਵ ਕੱਪ ਖੇਡਣ ਵਾਲੇ ਇਸ ਖਿਡਾਰੀ ਨੇ ਕਿਹਾ, ‘ਮੇਰੀ ਜ਼ਿੰਦਗੀ ਦਾ ਮੰਤਰ ਮੌਜੂਦਾ ਸਮੇਂ ਦਾ ਆਨੰਦ ਲੈਣਾ ਹੈ। ਅੱਜ ਮੇਰਾ ਆਰਾਮ ਦਾ ਦਿਨ ਹੈ ਇਸ ਲਈ ਮੈਂ ਅੱਜ ਆਰਾਮ ਕਰਨਾ ਚਾਹਾਂਗਾ। ਅਸੀਂ ਕੱਲ੍ਹ ਨੂੰ ਦੇਖਾਂਗੇ।