Health & FitnessAustralia & New Zealand

ਮੈਡੀਕੇਅਰ ਵਿੱਚ ਵੱਧ ਨਿਵੇਸ਼ ਅਤੇ ਲੰਬੇ ਸਮੇਂ ਦੇ ਸੁਧਾਰਾਂ ਦੀ ਲੋੜ – ਏਐੱਮਏ

ਏਐੱਮਏ ਮਰੀਜ਼ਾਂ ਨੂੰ ਮੈਡੀਕੇਅਰ ਨਾਲ ਜੁੜੇ ਵੱਧ ਰਹੇ ਖਰਚਿਆਂ ਬਾਰੇ ਜਾਗਰੂਕ ਕਰਨ ਲਈ "ਦ ਮੈਡੀਕੇਅਰ ਗੈਪ" ਨਾਮ ਨਾਲ ਨਵੀਂ ਮੁਹਿੰਮ ਸ਼ੁਰੂ ਕੀਤੀ ਹੈ।

ਕੈਨਬਰਾ – ਆਸਟ੍ਰੇਲੀਅਨ ਮੈਡੀਕਲ ਐਸੋਸੀਏਸ਼ਨ ਨੇ ਮਰੀਜ਼ਾਂ ਨੂੰ ਮੈਡੀਕੇਅਰ ਨਾਲ ਜੁੜੇ ਵੱਧ ਰਹੇ ਖਰਚਿਆਂ ਬਾਰੇ ਜਾਗਰੂਕ ਕਰਨ ਲਈ “ਦ ਮੈਡੀਕੇਅਰ ਗੈਪ” ਨਾਮ ਨਾਲ ਨਵੀਂ ਮੁਹਿੰਮ ਸ਼ੁਰੂ ਕੀਤੀ ਹੈ। ਐਸੋਸੀਏਸ਼ਨ ਦਾ ਕਹਿਣਾ ਹੈ ਕਿ ਮੈਡੀਕੇਅਰ ਫੰਡਿੰਗ ਦੀ ਮੌਜੂਦਾ ਪ੍ਰਣਾਲੀ ਪੁਰਾਣੀ ਹੋ ਚੁੱਕੀ ਹੈ, ਜਿਸ ਕਾਰਨ ਮਰੀਜ਼ਾਂ ਨੂੰ ਆਪਣੀ ਜੇਬ ਵਿਚੋਂ ਵੱਧ ਪੈਸੇ ਖਰਚਣੇ ਪੈਂਦੇ ਹਨ।

ਏਐੱਮਏ ਦੀ ਪ੍ਰਧਾਨ ਡਾ. ਡੈਨੀਅਲ ਮੈਕਮੁੱਲਨ ਨੇ ਕਿਹਾ ਕਿ ਸਿਹਤ ਸੇਵਾਵਾਂ ਦੀ ਵਧਦੀ ਲਾਗਤ ਲਈ ਅਕਸਰ ਡਾਕਟਰਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ, ਜਦਕਿ ਅਸਲ ਸਮੱਸਿਆ ਮੈਡੀਕੇਅਰ ਦੀ ਪੁਰਾਣੀ ਫੰਡਿੰਗ ਪ੍ਰਣਾਲੀ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਰੀਬੇਟ ਢਾਂਚਾ ਜਨਰਲ ਪ੍ਰੈਕਟੀਸ਼ਨਰ  ਡਾਕਟਰਾਂ ਨੂੰ ਮਰੀਜ਼ਾਂ ਲਈ ਲੋੜੀਂਦਾ ਸਮਾਂ ਅਤੇ ਸੇਵਾ ਦੇਣ ਲਈ ਪੂਰਾ ਸਮਰਥਨ ਨਹੀਂ ਦਿੰਦਾ।

ਡਾ. ਮੈਕਮੁੱਲਨ ਨੇ ਕਿਹਾ ਕਿ ਏਐੱਮਏ ਮੈਡੀਕੇਅਰ ਵਿੱਚ ਸੱਤ-ਪੱਧਰੀ ਰੀਬੇਟ ਪ੍ਰਣਾਲੀ ਲਾਗੂ ਕਰਨ ਦੀ ਮੰਗ ਕਰ ਰਹੀ ਹੈ, ਤਾਂ ਜੋ ਜੀਪੀ ਡਾਕਟਰ ਮਰੀਜ਼ਾਂ ਨੂੰ ਵਧੇਰੇ ਸਮਾਂ ਦੇ ਸਕਣ। ਉਨ੍ਹਾਂ ਕਿਹਾ ਕਿ ਅਜਿਹੀ ਪ੍ਰਣਾਲੀ ਦੀ ਲੋੜ ਹੈ, ਜਿਸ ਨਾਲ ਮਰੀਜ਼ਾਂ ਨੂੰ ਆਪਣੀ ਹੀ ਕਲੀਨਿਕ ਤੋਂ ਆਮ ਸਮੇਂ ਤੋਂ ਬਾਅਦ ਵੀ ਇਲਾਜ ਮਿਲ ਸਕੇ।

ਮੁਹਿੰਮ ਵਿੱਚ ਇਹ ਵੀ ਦਰਸਾਇਆ ਗਿਆ ਹੈ ਕਿ ਮਾਹਿਰ ਡਾਕਟਰਾਂ (ਸਪੈਸ਼ਲਿਸਟਾਂ) ਦੀਆਂ ਫੀਸਾਂ ਵਿੱਚ ਮਰੀਜ਼ਾਂ ਨੂੰ ਵੱਧ ਰਕਮ ਆਪਣੀ ਜੇਬ ਵਿਚੋਂ ਕਿਉਂ ਦੇਣੀ ਪੈਂਦੀ ਹੈ। ਡਾ. ਮੈਕਮੁੱਲਨ ਨੇ ਕਿਹਾ ਕਿ ਪਿਛਲੀਆਂ ਕਈ ਸਰਕਾਰਾਂ ਨੇ ਇਸ ਮੁੱਦੇ ਵੱਲ ਧਿਆਨ ਨਹੀਂ ਦਿੱਤਾ। ਲੰਬੇ ਸਮੇਂ ਤੱਕ ਰੀਬੇਟ ਨਹੀਂ ਵਧਾਏ ਗਏ, ਨਾ ਹੀ ਕੋਈ ਵੱਡੀ ਸੁਧਾਰ ਯੋਜਨਾ ਲਿਆਂਦੀ ਗਈ। ਉਨ੍ਹਾਂ ਦੱਸਿਆ ਕਿ ਇਸ ਵੇਲੇ ਮੈਡੀਕੇਅਰ ਆਮ ਜੀਪੀ ਸੇਵਾਵਾਂ ਦੇ ਖਰਚੇ ਦਾ ਲਗਭਗ 89 ਫ਼ੀਸਦੀ ਹਿੱਸਾ ਕਵਰ ਕਰਦਾ ਹੈ, ਜਦਕਿ ਨਿੱਜੀ ਹਸਪਤਾਲਾਂ ਵਿੱਚ ਮੈਡੀਕੇਅਰ ਅਤੇ ਪ੍ਰਾਈਵੇਟ ਹੈਲਥ ਇੰਸ਼ੋਰੈਂਸ ਮਿਲ ਕੇ ਲਗਭਗ 80 ਫ਼ੀਸਦੀ ਖਰਚਾ ਭਰਦੇ ਹਨ। ਪਰ ਹਸਪਤਾਲ ਤੋਂ ਬਾਹਰ ਮਾਹਿਰ ਡਾਕਟਰਾਂ ਨਾਲ ਸਲਾਹ-ਮਸ਼ਵਰੇ ਲਈ ਮੈਡੀਕੇਅਰ ਵੱਲੋਂ ਵੱਧ ਤੋਂ ਵੱਧ 53 ਫ਼ੀਸਦੀ ਹੀ ਸਹਾਇਤਾ ਮਿਲਦੀ ਹੈ, ਜਿਸ ਕਾਰਨ ਮਰੀਜ਼ਾਂ ਨੂੰ ਬਾਕੀ ਰਕਮ ਖੁਦ ਦੇਣੀ ਪੈਂਦੀ ਹੈ।

ਡਾ. ਮੈਕਮੁੱਲਨ ਨੇ ਕਿਹਾ ਕਿ ਪ੍ਰਾਈਵੇਟ ਹੈਲਥ ਇੰਸ਼ੋਰੈਂਸ ਵਾਲੇ ਮਰੀਜ਼ਾਂ ਨੂੰ ਵੀ ਵੱਖ-ਵੱਖ ਕਾਰਨਾਂ ਕਰਕੇ ਵਾਧੂ ਖਰਚਾ ਕਰਨਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਹਰ ਬੀਮਾ ਕੰਪਨੀ ਇੱਕੋ ਸ਼੍ਰੇਣੀ (ਗੋਲਡ, ਸਿਲਵਰ ਜਾਂ ਬਰਾਂਜ਼) ਦੀ ਪਾਲਿਸੀ ਹੋਣ ਦੇ ਬਾਵਜੂਦ ਵੱਖ-ਵੱਖ ਰੀਬੇਟ ਦਿੰਦੀ ਹੈ, ਜਿਸ ਨਾਲ ਮਰੀਜ਼ਾਂ ਲਈ ਖਰਚੇ ਦਾ ਅੰਦਾਜ਼ਾ ਲਗਾਉਣਾ ਮੁਸ਼ਕਲ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕਈ ਵਾਰ ਡਾਕਟਰ ਦੀ ਫੀਸ ਵਿੱਚ ਸਿਰਫ਼ 7 ਡਾਲਰ ਦਾ ਫ਼ਰਕ ਵੀ ਮਰੀਜ਼ ਦੇ ਆਪਣੀ ਜੇਬ ਵਿਚੋਂ ਦੇਣ ਵਾਲੇ ਖਰਚੇ ਵਿੱਚ 863 ਡਾਲਰ ਤੱਕ ਦਾ ਵਾਧਾ ਕਰ ਸਕਦਾ ਹੈ, ਜਦਕਿ ਇਸ ਦਾ ਫਾਇਦਾ ਬੀਮਾ ਕੰਪਨੀ ਨੂੰ ਮਿਲਦਾ ਹੈ। ਇਸ ਤੋਂ ਇਲਾਵਾ, ਡਾਕਟਰਾਂ ਨੂੰ ਇੱਕੋ ਸੇਵਾ ਲਈ ਵੱਖ-ਵੱਖ ਬੀਮਾ ਕੰਪਨੀਆਂ ਦੇ ਹਿਸਾਬ ਨਾਲ ਅਲੱਗ-ਅਲੱਗ ਫੀਸਾਂ ਰੱਖਣੀਆਂ ਪੈਂਦੀਆਂ ਹਨ, ਜਦਕਿ ਮੈਡੀਕੇਅਰ ਦੀ ਰੀਬੇਟ ਇੱਕੋ ਜਿਹੀ ਰਹਿੰਦੀ ਹੈ।

ਏਐੱਮਏ ਦਾ ਕਹਿਣਾ ਹੈ ਕਿ ਸਿਹਤ ਪ੍ਰਣਾਲੀ ਨੂੰ ਹੋਰ ਗੁੰਝਲਦਾਰ ਬਣਾਉਣ ਦੀ ਬਜਾਏ ਸਰਕਾਰ ਨੂੰ ਮੈਡੀਕੇਅਰ ਰੀਬੇਟਾਂ ਵਿੱਚ ਵਾਧਾ ਕਰਕੇ ਅਸਲ ਸਮੱਸਿਆ ਦਾ ਹੱਲ ਕਰਨਾ ਚਾਹੀਦਾ ਹੈ। ਐਸੋਸੀਏਸ਼ਨ ਨੇ ਕਿਹਾ ਕਿ ਮਰੀਜ਼ਾਂ ਨੂੰ ਸਸਤੀ ਅਤੇ ਬਿਹਤਰ ਸਿਹਤ ਸੇਵਾਵਾਂ ਦੇਣ ਲਈ ਮੈਡੀਕੇਅਰ ਵਿੱਚ ਵੱਧ ਨਿਵੇਸ਼ ਅਤੇ ਲੰਬੇ ਸਮੇਂ ਦੇ ਸੁਧਾਰਾਂ ਦੀ ਲੋੜ ਹੈ।

Related posts

ਵਿਕਟੋਰੀਅਨ 2021/22 ਬਜਟ ਵਿਭਿੰਨ ਕਮਿਊਨਿਟੀਆਂ ਦੀ ਸਹਾਇਤਾ ਕਰੇਗਾ – ਨੁਗਯੇਨ

admin

ਵਿਕਟੋਰੀਆ ‘ਚ 3 ਹੋਰ ਵਾਧੂ ਡਰਾਈਵ-ਥਰੂ ਵੈਕਸੀਨੇਸ਼ਨ ਕਲੀਨਿਕ ਖੋਲ੍ਹੇ ਜਾਣਗੇ

admin

Huge Milestone For Arts Precinct Transformation !

admin