ਭੋਪਾਲ – ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਤੇ ਸਰਕਾਰ ਦੇ ਤਰਜ਼ਮਾਨ ਡਾ. ਨਰੋਤੱਮ ਮਿਸ਼ਰਾ ਨੇ ਕਿਹਾ ਕਿ ਮਾਸਕ ਨਾ ਪਾਉਣ ਵਾਲਿਆਂ ਲਈ ਖੁੱਲ੍ਹੀ ਜੇਲ੍ਹ ਬਣਾਉਣ ’ਤੇ ਵਿਚਾਰ ਕੀਤਾ ਜਾ ਰਿਹਾ ਹੈ। ਜੁਰਮਾਨਾ ਵਧਾਉਣ ਦੇ ਨਾਲ ਹੋਰ ਸਖ਼ਤੀ ਵੀ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਸੂਬੇ ’ਚ ਕੋਰੋਨਾ ਇਨਫੈਕਸ਼ਨ ਦੇ ਮਾਮਲੇ ਵਧ ਰਹੇ ਹਨ। ਅਜਿਹੇ ’ਚ ਸੂਬਾ ਸਰਕਾਰ ਪੂਰੀ ਤਰ੍ਹਾਂ ਨਾਲ ਸੁਚੇਤ ਹੈ ਤੇ ਸਾਰੇ ਜ਼ਰੂਰੀ ਇੰਤਜ਼ਾਮ ਕਰ ਰਹੀ ਹੈ, ਪਰ ਲੋਕ ਕੋਰੋਨਾ ਬੰਬ ਬਣ ਕੇ ਨਾ ਘੁੰਮਣ ਤੇ ਮਾਸਕ ਲਾਜ਼ਮੀ ਰੂਪ ’ਚ ਪਾਉਣ, ਇਸ ਲਈ ਸਖ਼ਤ ਕਾਰਵਾਈ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ। ਲੋਕ ਸਰੀਰਕ ਦੂਰੀ ਦੇ ਨਾਲ ਕੋਰੋਨਾ ਸਬੰਧੀ ਹਦਾਇਤਾਂ ਦਾ ਪੂਰੀ ਤਰ੍ਹਾਂ ਪਾਲਣ ਯਕੀਨੀ ਕਰਨ, ਇਹ ਯਕੀਨੀ ਕੀਤੇ ਜਾਣ ’ਤੇ ਵਿਚਾਰ ਕੀਤਾ ਜਾ ਰਿਹਾ ਹੈ। ਸੂਬੇ ’ਚ ਲਾਕਡਾਊਨ ਕਰਨ ਜਾਂ ਬਾਜ਼ਾਰ ਬੰਦ ਕਰਨ ਜਿਹਾ ਕੋਈ ਪ੍ਰਸਤਾਵ ਨਹੀਂ ਹੈ। ਰਾਤ ਦਾ ਕਰਫਿਊ ਲਗਾਇਆ ਗਿਆ ਹੈ। ਮੇਲਿਆਂ ’ਤੇ ਰੋਕ ਲਾਉਣ ਦੇ ਨਾਲ ਵਿਆਹ ਪ੍ਰੋਗਰਾਮਾਂ ’ਚ ਵੱਧ ਤੋਂ ਵੱਧ 250 ਵਿਅਕਤੀਆਂ ਦੀ ਮੌਜੂਦਗੀ ਦੀ ਇਜਾਜ਼ਤ ਦਿੱਤੀ ਗਈ ਹੈ। ਇਸੇ ਤਰ੍ਹਾਂ ਅੰਤਿਮ ਸੰਸਕਾਰ ਜਾਂ ਭੋਗ ਮੌਕੇ ਵੀ 50 ਵਿਅਕਤੀਆਂ ਨੂੰ ਹੀ ਇਜਾਜ਼ਤ ਦਿੱਤੀ ਜਾਵੇਗੀ। ਜਨਤਕ ਥਾਵਾਂ ’ਤੇ ਮਾਸਕ ਦੀ ਵਰਤੋਂ ਲਾਜ਼ਮੀ ਹੋਵੇਗੀ।