ਨਵੀਂ ਦਿੱਲੀ – ਸੁਪਰੀਮ ਕੋਰਟ ’ਚ ਇਕ ਜਨਹਿੱਤ ਪਟੀਸ਼ਨ ਦਾਖ਼ਲ ਕੀਤੀ ਗਈ ਹੈ ਜਿਸ ’ਚ ਜੰਗ ਪ੍ਰਭਾਵਿਤ ਯੂਕਰੇਨ ਤੋਂ ਕੱਢੇ ਗਏ ਮੈਡੀਕਲ ਵਿਦਿਆਰਥੀਆਂ ਦੇ ਦੇਸ਼ ’ਚ ਹੀ ਦਾਖ਼ਲੇ ਤੇ ਉਨ੍ਹਾਂ ਦੀ ਪੜ੍ਹਾਈ ਜਾਰੀ ਰੱਖਣ ਦੇ ਮੁੱਦੇ ’ਤੇ ਨਿਰਦੇਸ਼ ਦਿੱਤੇ ਜਾਣ ਦੀ ਮੰਗ ਕੀਤੀ ਗਈ ਹੈ। ਪਟੀਸ਼ਨ ’ਚ ਉਨ੍ਹਾਂ ਨੂੰ ਭਾਰਤੀ ਸਿਲੇਬਸ ’ਚ ਦਾਖ਼ਲਾ ਦੇਣ ਲਈ ਮੈਡੀਕਲ ਸਬਜੈਕਟ ਇਕਿਊਵੈਲੇਂਸੀ ਓਰੀਏਂਟਸ਼ਨ ਪ੍ਰੋਗਰਾਮ ਉਪਲਬਧ ਕਰਵਾਉਣ ਦੀ ਮੰਗ ਵੀ ਕੀਤੀ ਗਈ ਹੈ। ਬੁਲਾਰੇ ਰਾਣਾ ਸੰਦੀਪ ਬੁੱਸਾ ਤੇ ਹੋਰਾਂ ਵੱਲੋਂ ਦਾਖ਼ਲ ਪਟੀਸ਼ਨ ’ਚ ਕਿਹਾ ਗਿਆ ਹੈ ਕਿ ਉਨ੍ਹਾਂ ਨੇ ਆਰਟੀਕਲ-21 ਤਹਿਤ ਜੀਵਨ ਦੀ ਸੁਰੱਖਿਆ ਤੇ ਨਿੱਜੀ ਸੁਤੰਤਰਤਾ ਦੇ ਮੌਲਿਕ ਅਧਿਕਾਰ ਨੂੰ ਲਾਗੂ ਕਰਨ ਦੀ ਮੰਗ ਕੀਤੀ ਹੈ। ਰੂਸ ਤੇ ਯੂਕਰੇਨ ਵਿਚਕਾਰ ਜੰਗ ਸ਼ੁਰੂ ਹੋਣ ਤੇ ਯੂਕਰੇਨ ਦੇ ਵਿਦਿਆਰਥੀਆਂ ਦੇ ਪਰਤਣ ਤੋਂ ਬਾਅਦ ਹਾਈ ਕੋਰਟਾਂ ਤੇ ਸੁਪਰੀਮ ਕੋਰਟ ’ਚ ਕਈ ਪਟੀਸ਼ਨਾਂ ਦਾਖ਼ਲ ਹੋਈਆਂ ਹਨ ਜਿਨ੍ਹਾਂ ’ਚ ਇਨ੍ਹਾਂ ਵਿਦਿਆਰਥੀਆਂ ਦੀ ਪੜ੍ਹਾਈ ਜਾਰੀ ਰੱਖਣ ’ਚ ਮਦਦ ਲਈ ਕੇਂਦਰ ਨੂੰ ਨਿਰਦੇਸ਼ ਦੇਣ ਦੀ ਮੰਗ ਕੀਤੀ ਗਈ ਹੈ। ਇਸ ਸਬੰਧੀ ਇਕ ਪਟੀਸ਼ਨ ਪਰਵਾਸੀ ਲੀਗਲ ਸੈੱਲ ਨੇ ਦਿੱਲੀ ਹਾਈ ਕੋਰਟ ’ਚ ਦਾਖ਼ਲ ਕੀਤੀ ਹੈ।