ਵਾਰਸਾ – ਅਮਰੀਕਾ ਨੇ ਯੂਕਰੇਨ ਨੂੰ ਮਿਗ-29 ਜੰਗੀ ਹਵਾਈ ਜਹਾਜ਼ ਦੇਣ ਦਾ ਪੋਲੈਂਡ ਦਾ ਮਤਾ ਗ਼ੈਰ ਵਿਹਾਰਕ ਦੱਸਦੇ ਹੋਏ ਖਾਰਜ ਕਰ ਦਿੱਤਾ ਹੈ। ਕਿਹਾ ਹੈ ਕਿ ਇਸ ਨਾਲ ਨਾਟੋ (ਉੱਤਰ ਅਟਲਾਂਟਿਕ ਸੰਧੀ ਸੰਗਠਨ) ਦੇ ਮੈਂਬਰ ਦੇਸ਼ਾਂ ਲਈ ਖ਼ਤਰਾ ਪੈਦਾ ਹੋਣ ਦਾ ਖ਼ਦਸ਼ਾ ਹੈ। ਇਸ ਦੌਰਾਨ ਯੂਕਰੇਨ ਦੇ ਰਾਸ਼ਟਰਪਤੀ ਵਲੋਦੋਮੀਰ ਜ਼ੇਲੈਂਸਕੀ ਨੇ ਫਿਰ ਤੋਂ ਜੰਗੀ ਜਹਾਜ਼ ਦੇਣ ਦੀ ਮੰਗ ਕੀਤੀ ਹੈ। ਕਿਹਾ ਹੈ ਕਿ ਉਨ੍ਹਾਂ ਦਾ ਦੇਸ਼ ਰੂਸ ਦੇ ਸਾਹਮਣੇ ਆਤਮ ਸਮਰਪਣ ਨਹੀਂ ਕਰੇਗਾ।
ਯੂਕਰੇਨ ਦੇ ਗੁਆਂਢੀ ਨਾਟੋ ਮੈਂਬਰ ਦੇਸ਼ ਪੋਲੈਂਡ ਨੇ ਕਿਹਾ ਕਿ ਉਹ ਰੂਸ ਨਿਰਮਤ ਆਪਣੇ 28 ਮਿਗ-29 ਹਵਾਈ ਜਹਾਜ਼ ਯੂਕਰੇਨ ਨੂੰ ਦੇਣ ਲਈ ਤਿਆਰ ਹੈ। ਯੂਕਰੇਨ ਦੇ ਪਾਇਲਟ ਇਨ੍ਹਾਂ ਰੂਸੀ ਜਹਾਜ਼ਾਂ ਨੂੰ ਚਲਾਉਣ ਲਈ ਸਿਖਲਾਈ ਹਾਸਲ ਵੀ ਹਨ। ਪੋਲੈਂਡ ਇਹ ਜਹਾਜ਼ ਜਰਮਨੀ ਸਥਿਤ ਅਮਰੀਕਾ ਦੇ ਫ਼ੌਜੀ ਅੱਡੇ ’ਤੇ ਪਹੁੰਚਾ ਦੇਵੇਗਾ, ਉੱਥੋਂ ਇਹ ਯੂਕਰੇਨ ਨੂੰ ਦਿੱਤੇ ਜਾਣਗੇ। ਪੋਲੈਂਡ ਨੇ ਇਨ੍ਹਾਂ ਜਹਾਜ਼ਾਂ ਬਦਲੇ ਅਮਰੀਕਾ ਤੋਂ ਐੱਫ-16 ਜੰਗੀ ਜਹਾਜ਼ਾਂ ਦੀ ਮੰਗ ਕੀਤੀ ਹੈ। ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਦੀ ਮੰਗ ’ਤੇ ਪੋਲੈਂਡ ਨੇ ਇਹ ਮਤਾ ਰੱਖਿਆ ਹੈ। ਰੂਸ ਨਾਲ ਜੰਗ ’ਚ ਵੱਡੀ ਗਿਣਤੀ ’ਚ ਯੂਕਰੇਨੀ ਹਵਾਈ ਫ਼ੌਜ ਦੇ ਜਹਾਜ਼ ਨਸ਼ਟ ਹੋ ਜਾਣ ਕਾਰਨ ਜ਼ੇਲੈਂਸਕੀ ਨੇ ਅਮਰੀਕਾ ਤੇ ਪੱਛਮੀ ਦੇਸ਼ਾਂ ਤੋਂ ਇਹ ਮੰਗ ਕੀਤੀ ਹੈ। ਪੋਲੈਂਡ ਤੋਂ ਯੂਕਰੇਨ ਨੂੰ ਜੰਗੀ ਜਹਾਜ਼ ਦੇਣ ਦੀ ਸਿਫ਼ਾਰਸ਼ ਜਿੱਥੇ ਅਮਰੀਕਾ ਨੇ ਕੀਤੀ ਸੀ, ਉੱਥੇ ਹੀ ਰੂਸ ਨੇ ਅਜਿਹਾ ਕੋਈ ਕਦਮ ਚੁੱਕਣ ’ਤੇ ਖੇਤਰੀ ਦੇਸ਼ਾਂ ਨੂੰ ਮਾੜੇ ਨਤੀਜਿਆਂ ਦੀ ਚਿਤਾਵਨੀ ਦਿੱਤੀ ਸੀ। ਪੋਲੈਂਡ ਅਮਰੀਕਾ ਦੀ ਗੱਲ ਮੰਨਦੇ ਹੋਏ ਰੂਸ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦਾ। ਇਸ ਲਈ ਉਸ ਨੇ ਜਰਮਨੀ ਦੇ ਅਮਰੀਕੀ ਅੱਡੇ ’ਤੇ ਜਹਾਜ਼ ਪਹੁੰਚਾਉਣ ਦੀ ਗੱਲ ਕਹੀ ਹੈ। ਇਸ ਤੋਂ ਬਾਅਦ ਜਹਾਜ਼ ਯੂਕਰੇਨ ਨੂੰ ਦੇਣ ਦੀ ਜ਼ਿੰਮੇਵਾਰੀ ਅਮਰੀਕਾ ਦੀ ਹੋਵੇਗੀ। ਅਮਰੀਕੀ ਰੱਖਿਆ ਮੰਤਰਾਲੇ ਦੇ ਬੁਲਾਰੇ ਜਾਨ ਕਿਰਬੀ ਨੇ ਕਿਹਾ ਹੈ ਕਿ ਪੋਲੈਂਡ ਦੇ ਇਸ ਮਤੇ ’ਤੇ ਅੱਗੇ ਵਧਣ ਨਾਲ ਨਾਟੋ ਖ਼ਤਰੇ ’ਚ ਪੈ ਜਾਵੇਗਾ, ਇਸ ਲਈ ਇਸ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ।ਮੰਗਲਵਾਰ ਨੂੰ ਬਿ੍ਰਟਿਸ਼ ਰੱਖਿਆ ਮੰਤਰੀ ਬੇਨ ਵੈਲੇਸ ਨੇ ਕਿਹਾ ਸੀ ਕਿ ਪੋਲੈਂਡ ਜੇਕਰ ਇਹ ਹਵਾਈ ਜਹਾਜ਼ ਸਿੱਧਾ ਯੂਕਰੇਨ ਨੂੰ ਦਿੰਦਾ ਹੈ ਤਾਂ ਉਸ ਤੋਂ ਪੈਦਾ ਹੋਣ ਵਾਲੀ ਸਥਿਤੀ ’ਚ ਬਰਤਾਨੀਆ ਦਾ ਉਸ ਦੇ ਨਾਲ ਖੜ੍ਹਾ ਹੋਵੇਗਾ। ਪੋਲੈਂਡ ਨੂੰ ਮਾੜੇ ਨਤੀਜਿਆਂ ਦੀ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ। ਇਸ ਦੌਰਾਨ ਰੂਸ ਤੋਂ ਅਸੰਤੁਸ਼ਟ ਕੋਸੋਵੋ ਨੇ ਯੂਕਰੇਨ ਨੂੰ ਜੰਗੀ ਜਹਾਜ਼ ਦੇਣ ਲਈ ਆਪਣੀ ਧਰਤੀ ਦਾ ਇਸਤਮਾਲ ਕੀਤੇ ਜਾਣ ਦਾ ਮਤਾ ਰੱਖਿਆ ਹੈ। ਰੂਸ ਦੀ ਨਾਰਾਜ਼ਗੀ ਦੀ ਪਰਵਾਹ ਨਾ ਕਰਦੇ ਹੋਏ ਅਮਰੀਕਾ ਨੇ ਕੋਸੋਵੋ ਨੂੰ ਆਜ਼ਾਦ ਦੇਸ਼ ਦੀ ਮਾਨਤਾ ਦਿੱਤੀ ਹੋਈ ਹੈ।