ਨਵੀਂ ਦਿੱਲੀ – ਕਾਂਗਰਸ ਨੇਤਾ ਰਾਹੁਲ ਗਾਂਧੀ ਅੱਜ ਫਿਰ ਈਡੀ ਦਫਤਰ ’ਚ ਪੇਸ਼ ਹੋਣਗੇ। ਈਡੀ ਦੇ ਅਧਿਕਾਰੀ ਮਨੀ ਲਾਂਡਰਿੰਗ ਮਾਮਲੇ ’ਚ ਰਾਹੁਲ ਗਾਂਧੀ ਤੋਂ ਲਗਾਤਾਰ ਦੂਜੇ ਦਿਨ ਪੁੱਛਗਿੱਛ ਕਰਨਗੇ। ਇਸ ਤੋਂ ਪਹਿਲਾਂ ਸੋਮਵਾਰ ਨੂੰ ਵੀ ਰਾਹੁਲ ਗਾਂਧੀ ਤੋਂ ਦੋ ਪੜਾਵਾਂ ’ਚ ਪੁੱਛਗਿੱਛ ਕੀਤੀ ਗਈ। ਕਰੀਬ 10 ਘੰਟੇ ਤਕ ਚੱਲੀ ਪੁੱਛਗਿੱਛ ਦੌਰਾਨ ਈਡੀ ਅਧਿਕਾਰੀਆਂ ਨੇ ਰਾਹੁਲ ਗਾਂਧੀ ਤੋਂ ਕਈ ਸਵਾਲ ਪੁੱਛੇ। ਦੂਜੇ ਪਾਸੇ ਰਾਹੁਲ ਗਾਂਧੀ ਕੋਲੋਂ ਪੱੁਛਗਿੱਛ ਦੇ ਵਿਰੋਧ ’ਚ ਕਾਂਗਰਸ ਵਰਕਰਾਂ ਨੇ ਦੇਸ਼ ਦੇ ਕਈ ਹਿੱਸਿਆਂ ’ਚ ਪ੍ਰਦਰਸ਼ਨ ਕੀਤਾ।
ਕਾਂਗਰਸ ਦੇ ਜਨਰਲ ਸਕੱਤਰ ਰਣਦੀਪ ਸੁਰਜੇਵਾਲਾ ਨੇ ਮੰਗਲਵਾਰ ਨੂੰ ਰਾਹੁਲ ਗਾਂਧੀ ਦੇ ਈਡੀ ਸਾਹਮਣੇ ਪੇਸ਼ ਹੋਣ ਤੋਂ ਪਹਿਲਾਂ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਕੇਂਦਰ ਸਰਕਾਰ ’ਤੇ ਤਿੱਖਾ ਨਿਸ਼ਾਨਾ ਸਾਧਿਆ। ਸੁਰਜੇਵਾਲਾ ਨੇ ਦੋਸ਼ ਲਾਇਆ ਕਿ ਰਾਹੁਲ ਗਾਂਧੀ ਵਿਰੁੱਧ ਈਡੀ ਦੀ ਜਾਂਚ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਹੈ ਕਿਉਂਕਿ ਸਾਡੇ ਖੇਤਰ ’ਤੇ ਚੀਨ ਦਾ ਕਬਜ਼ਾ, ਮਹਿੰਗਾਈ, ਤੇਲ ਦੀਆਂ ਕੀਮਤਾਂ ਵਿਚ ਵਾਧਾ, ਬੇਰੁਜ਼ਗਾਰੀ, ਧਾਰਮਿਕ ਬਦਲਾਖੋਰੀ ਵਰਗੇ ਮੁੱਦਿਆਂ ’ਤੇ ਮੋਦੀ ਸਰਕਾਰ ਖ਼ਿਲਾਫ਼ ਸਵਾਲ ਚੁੱਕੇ ਹਨ। ਰਾਹੁਲ ਗਾਂਧੀ ’ਤੇ ਲਗਾਤਾਰ ਹਮਲਾ ਕੀਤਾ ਜਾ ਰਿਹਾ ਹੈ।
ਸੁਰਜੇਵਾਲਾ ਨੇ ਪੁੱਛਿਆ ਕਿ ਆਖ਼ਰ ਰਾਹੁਲ ਗਾਂਧੀ ਅਤੇ ਕਾਂਗਰਸ ਮੋਦੀ ਸਰਕਾਰ ਜਾਂ ਭਾਜਪਾ ਦੇ ਨਿਸ਼ਾਨੇ ’ਤੇ ਕਿਉਂ ਹੈ? ਕੀ ਈਡੀ ਦੀ ਕਾਰਵਾਈ ਜਨਤਕ ਮੁੱਦਿਆਂ ਨੂੰ ਉਠਾਉਣ ਵਾਲੀ ਆਵਾਜ਼ ਨੂੰ ਦਬਾਉਣ ਦੀ ਸਾਜ਼ਿਸ਼ ਹੈ? ਰਾਹੁਲ ਗਾਂਧੀ ’ਤੇ ਹੀ ਇੰਨੇ ਹਮਲਾਵਰ ਕਿਉਂ ਹਨ? ਦੇਸ਼ ਨੂੰ ਇਨ੍ਹਾਂ ਸਵਾਲਾਂ ਦੇ ਜਵਾਬ ਜਾਣਨ ਦੀ ਲੋੜ ਹੈ।
ਸੁਰਜੇਵਾਲਾ ਨੇ ਅੱਜ ਫਿਰ ਸੱਤਿਆਗ੍ਰਹਿ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਗਾਂਧੀ ਜੀ ਦੇ ਵਾਰਿਸ ਹਾਂ, ਅਸੀਂ ਫਿਰ ਪੈਦਲ ਚੱਲਾਂਗੇ। ਸਾਡਾ ਸੱਤਿਆਗ੍ਰਹਿ ਜਾਰੀ ਰਹੇਗਾ। ਸਾਡਾ ਅੰਦੋਲਨ ਨਹੀਂ ਰੁਕੇਗਾ। ਇਹ ਕਾਰਵਾਈ ਗ਼ੈਰ-ਕਾਨੂੰਨੀ ਤੇ ਗ਼ੈਰ-ਸੰਵਿਧਾਨਕ ਹੈ। ਦਿੱਲੀ ਨੂੰ ਛਾਉਣੀ ਵਿਚ ਤਬਦੀਲ ਕਰ ਕੇ ਭਾਜਪਾ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਇਹ ਡਰਪੋਕ ਸਰਕਾਰ ਹੈ।
ਸੁਰਜੇਵਾਲਾ ਨੇ ਦੋਸ਼ ਲਾਇਆ ਕਿ ਸੋਮਵਾਰ ਨੂੰ ਸੱਤਿਆਗ੍ਰਹਿ ਦੌਰਾਨ ਦਿੱਲੀ ਪੁਲਿਸ ਨੇ ਕਈ ਕਾਂਗਰਸੀ ਆਗੂਆਂ ਦੀ ਕੁੱਟਮਾਰ ਕੀਤੀ। ਸੁਰਜੇਵਾਲਾ ਨੇ ਕਿਹਾ ਕਿ ਪਾਰਟੀ ਨੇਤਾਵਾਂ ਕੇਸੀ ਵੇਣੂਗੋਪਾਲ, ਸ਼ਕਤੀ ਸਿੰਘ ਗੋਹਿਲ ’ਤੇ ਜਾਨਲੇਵਾ ਹਮਲਾ ਹੋਇਆ ਹੈ। ਦੇਸ਼ ਦੇ ਸਾਬਕਾ ਗ੍ਰਹਿ ਮੰਤਰੀ ਪੀ ਚਿਦੰਬਰਮ ਦੀ ਪਸਲੀ ਤੋੜ ਦਿੱਤੀ ਗਈ। ਸੰਸਦ ਮੈਂਬਰ ਪ੍ਰਮੋਦ ਤਿਵਾੜੀ ਨੂੰ ਹੇਠਾਂ ਸੁੱਟ ਦਿੱਤਾ ਗਿਆ। ਜਿਸ ਤਰ੍ਹਾਂ ਕਾਂਗਰਸੀ ਵਰਕਰਾਂ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ। ਜਿਸ ਤਰ੍ਹਾਂ 20 ਹਜ਼ਾਰ ਕਾਂਗਰਸੀ ਵਰਕਰਾਂ ਨੂੰ ਦਿੱਲੀ ਦੇ ਥਾਣਿਆਂ ’ਚ ਬੰਦ ਕਰ ਦਿੱਤਾ ਗਿਆ, ਕੀ ਇਸ ਦੇਸ਼ ਵਿਚ ਲੋਕਤੰਤਰ ਹੈ ਜਾਂ ਤਾਨਾਸ਼ਾਹੀ?
