ਜੈਪੁਰ – ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ ’ਚ ਰਾਜਸਥਾਨ ਦੇ ਜੈਸਲਮੇਰ ਦੇ ਇਕ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ। ਇੰਟੈਲੀਜੈਂਸ ਏਜੰਸੀਆਂ ਦੀ ਗਿ੍ਫ਼ਤ ’ਚ ਆਇਆ ਜੈਸਲਮੇਰ ਦੇ ਚਨਸੇਰ ਖ਼ਾਨ ਦੀ ਢਾਣੀ ਵਾਸੀ ਨਵਾਬ ਖ਼ਾਨ ਪਾਕਿਸਤਾਨ ਦੀ ਖ਼ੁਫੀਆ ਏਜੰਸੀ ਇੰਟਰ-ਸਰਵਿਸਜ਼ ਇੰਟੈਲੀਜੈਂਸ (ਆਈਐੱਸਆਈ) ਲਈ ਸਲੀਪਰ ਸੈੱਲ ਦੇ ਰੂਪ ’ਚ ਕੰਮ ਕਰਦਾ ਸੀ।
ਖ਼ੁਫੀਆ ਸੂਤਰਾਂ ਤੋਂ ਮਿਲੀ ਜਾਣਕਾਰੀ ਤੋਂ ਬਾਅਦ ਇੰਟੈਲੀਜੈਂਸ ਏਜੰਸੀ ਦੀ ਇਕ ਟੀਮ ਜੈਪੁਰ ਤੋਂ ਜੈਸਲਮੇਰ ਪੁੱਜੀ ਤੇ ਸ਼ੁਰੂਆਤੀ ਪੁੱਛਗਿੱਛ ਤੋਂ ਬਾਅਦ ਨਵਾਬ ਖ਼ਾਨ ਨੂੰ ਗਿ੍ਫ਼ਤਾਰ ਕਰ ਲਿਆ। ਮੰਨਿਆ ਜਾ ਰਿਹਾ ਹੈ ਕਿ ਨਵਾਬ ਤੋਂ ਹੋਣ ਵਾਲੀ ਪੁੱਛਗਿੱਛ ’ਚ ਆਗਾਮੀ ਦਿਨਾਂ ’ਚ ਕਈ ਰਾਜ ਉਜਾਗਰ ਹੋ ਸਕਦੇ ਹਨ। ਦੱਸਿਆ ਜਾ ਰਿਹਾ ਹੈ ਕਿ ਨਵਾਬ ਖ਼ਾਨ ਦੀ ਚਾਂਧਨ ’ਚ ਦੁਕਾਨ ਹੈ। ਚਾਂਧਨ ’ਚ ਫ਼ੌਜ ਦੀ ਫੀਲਡ ਫਾਇਰਿੰਗ ਰੇਂਜ ਵੀ ਹੈ। ਉਸ ’ਤੇ ਸਲੀਪਰ ਸੈੱਲ ਦੇ ਰੂਪ ’ਚ ਕੰਮ ਕਰਨ ਦੀ ਜਾਣਕਾਰੀ ਮਿਲਣ ਤੋਂ ਬਾਅਦ ਇੰਟੈਲੀਜੈਂਸ ਏਜੰਸੀ ਨਜ਼ਰ ਰੱਖ ਰਹੀ ਸੀ। ਪੁਖ਼ਤਾ ਜਾਣਕਾਰੀ ਮਿਲਣ ਤੋਂ ਬਾਅਦ ਉਸ ਨੂੰ ਗਿ੍ਫ਼ਤਾਰ ਕੀਤਾ ਗਿਆ। ਸੂਤਰ ਦੱਸਦੇ ਹਨ ਕਿ ਨਵਾਬ ਦੇ ਰਿਸ਼ਤੇਦਾਰ ਪਾਕਿਸਤਾਨ ’ਚ ਰਹਿੰਦੇ ਹਨ। ਉਸ ਦੇ ਜ਼ਰੀਏ ਉਹ ਆਈਐੱਸਆਈ ਦੇ ਸੰਪਰਕ ’ਚ ਆਇਆ ਤੇ ਪੈਸਿਆਂ ਦੇ ਲਾਲਚ ’ਚ ਜਾਸੂਸੀ ਕਰਨ ਲੱਗਾ। ਇੰਟਰਨੈੱਟ ਮੀਡੀਆ ਜ਼ਰੀਏ ਉਹ ਫ਼ੌਜੀ ਇਲਾਕੇ ਨਾਲ ਜੁੜੀ ਜਾਣਕਾਰੀ ਆਈਐੱਸਆਈ ਨੂੰ ਭੇਜਦਾ ਸੀ।