ਨਵੀਂ ਦਿੱਲੀ – ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ 77ਵੇਂ ਜਨਮ ਦਿਨ ’ਤੇ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਸਮੇਤ ਸਰਕਾਰ ਦੇ ਕਈ ਵੱਡੇ ਨੇਤਾਵਾਂ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਦੇ ਨਾਲ ਹੀ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੇ ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਵੀ ਵਿਛੜੀ ਰੂਹ ਨੂੰ ਨਿੱਘੀ ਸ਼ਰਧਾਂਜਲੀ ਦਿੱਤੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕੀਤਾ, ‘ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਜੀ ਨੂੰ ਉਨ੍ਹਾਂ ਦੇ ਜਨਮ ਦਿਨ ’ਤੇ ਸਾਡੀ ਸ਼ਰਧਾਂਜਲੀ।’ ਇਸ ਮੌਕੇ ਉਪ ਰਾਸ਼ਟਰਪਤੀ ਐੱਮ. ਵੈਕਈਆ ਨਾਇਡੂ ਨੇ ਆਈਟੀ ਤੇ ਦੂਰਸੰਚਾਰ ਖੇਤਰ ’ਚ ਉਨ੍ਹਾਂ ਦੇ ਯੋਗਦਾਨ ਨੂੰ ਯਾਦ ਕਰਦੇ ਹੋਏ ਕਿਹਾ ਕਿ ਸਿੱਖਿਆ ਦੇ ਖੇਤਰ ’ਚ ਵੀ ਉਨ੍ਹਾਂ ਦੇ ਯੋਗਦਾਨ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀ ਸੰਸਦ ਭਵਨ ’ਚ ਰਾਜੀਵ ਗਾਂਧੀ ਨੂੰ ਸ਼ਰਧਾ ਦੇ ਭੁੱਲ ਭੇਟ ਕੀਤੇ।
ਇਸ ਤੋਂ ਪਹਿਲਾਂ ਕਾਂਗਰਸ ਪ੍ਰਧਾਨ ਤੇ ਰਾਜੀਵ ਗਾਂਧੀ ਦੀ ਪਤਨੀ ਸੋਨੀਆ ਗਾਂਧੀ ਤੇ ਉਨ੍ਹਾਂ ਦੇ ਪੁੱਤਰ ਰਾਹੁਲ ਗਾਂਧੀ ਨੇ ਦਿੱਲੀ ਦੇ ਸਮਾਧੀ ਸਥਾਨ ਵੀਰਭੂਮੀ ’ਚ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਸੰਸਦ ਭਵਨ ’ਚ ਵੀ ਨਿੱਘੀ ਸ਼ਰਧਾਂਜਲੀ ਦਿੱਤੀ। ਰਾਹੁਲ ਗਾਂਧੀ ਨੇ ਆਈਵਾਈਸੀ ਦਫਤਰ ’ਤੇ ਰਾਜੀਵ ਗਾਂਧੀ ਬਾਰੇ ਇਕ ਫੋਟੋ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ। ਰਾਹੁਲ ਨੇ ਫੇਸਬੁੱਕ ’ਤੇ ਇਕ ਪੋਸਟ ’ਚ ਕਿਹਾ ਕਿ ਰਾਜੀਵ ਗਾਂਧੀ ਦੀਆਂ ਨੀਤੀਆਂ ਉਨ੍ਹਾਂ ਦੀ ਦੂਰ-ਦ੍ਰਿਸ਼ਟੀ ਨੂੰ ਦਰਸਾਉਂਦੀਆਂ ਸਨ, ਜਿਨ੍ਹਾਂ ਨਾਲ ਆਧੁਨਿਕ ਭਾਰਤ ਦੇ ਨਿਰਮਾਣ ’ਚ ਮਦਦ ਮਿਲੇ। ਸਿਰਫ ਪੰਥ ਨਿਰਪੱਖ ਭਾਰਤ ਹੀ ਉਹ ਭਾਰਤ ਹੈ ਜਿਸ ਦੀ ਹੋਂਦ ਕਾਇਮ ਰਹਿ ਸਕਦੀ ਹੈ। ਉਨ੍ਹਾਂ ਦੀ ਬੇਟੀ ਪਿ੍ਰਅੰਕਾ ਗਾਂਧੀ ਨੇ ਵੀ ਇੰਟਰਨੈੱਟ ਮੀਡੀਆ ’ਤੇ ਆਪਣੇ ਪਿਤਾ ਨਾਲ ਆਪਣੇ ਬਚਪਨ ਦੀ ਇਕ ਫੋਟੋ ਸਾਂਝੀ ਕਰਦੇ ਹੋਏ ਲਿਖਿਆ ਹੈ ਕਿ ਬਹਾਦਰ ਲੋਕ ਕਦੇ ਮਰਦੇ ਨਹੀਂ।ਕਾਂਗਰਸ ਦੇ ਸੀਨੀਅਰ ਨੇਤਾਵਾਂ ਪਵਨ ਕੁਮਾਰ ਬੰਸਲ, ਕੇਸੀ ਵੇਣੁਗੋਪਾਲ, ਭਾਰਤੀ ਯੁਵਾ ਕਾਂਗਰਸ ਦੇ ਪ੍ਰਮੁੱਖ ਸ਼੍ਰੀਨਿਵਾਸ ਬੀਵੀ ਨੇ ਵੀ ਰਾਜੀਵ ਗਾਂਧੀ ਨੂੰ ਨਿੱਘੀ ਸ਼ਰਧਾਂਜਲੀ ਦਿੱਤੀ। 1944 ’ਚ ਜਨਮੇ ਰਾਜੀਵ ਗਾਂਧੀ 1984 ਤੋਂ 1989 ਤਕ ਪ੍ਰਧਾਨ ਮੰਤਰੀ ਦੇ ਅਹੁਦੇ ’ਤੇ ਰਹੇ ਸਨ। ਲਿੱਟੇ ਅੱਤਵਾਦੀਆਂ ਨੇ 1991 ’ਚ ਇਕ ਆਤਮਘਾਤੀ ਅੱਤਵਾਦੀ ਹਮਲੇ ’ਚ ਉਨ੍ਹਾਂ ਦੀ ਹੱਤਿਆ ਕਰ ਦਿੱਤੀ ਸੀ।