ਐੱਸ.ਏ.ਐੱਸ. ਨਗਰ – ਬਾਲ ਭਲਾਈ ਕੌਂਸਲ, ਪੰਜਾਬ, ਵੱਲੋਂ 24 ਜੂਨ ਤੋਂ 29 ਜੂਨ ਤਕ ਲਾਏ ਜਾ ਰਹੇ 39ਵੇਂ ‘ਨੈਸ਼ਨਲ ਲਰਨ ਟੂ ਲਿਵ ਟੂਗੈਦਰ ਕੈਂਪ’ ਦਾ ਸ਼ਿਵਾਲਿਕ ਪਬਲਿਕ ਸਕੂਲ, ਫੇਜ਼-6 ਵਿਖੇ ਉਦਘਾਟਨ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਨੇ ਸ਼ਮ੍ਹਾਂ ਰੌਸ਼ਨ ਕਰ ਕੇ ਕੀਤਾ। ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰੋਹਿਤ ਨੇ ਕਿਹਾ ਕਿ ਇਸ ਕੈਂਪ ਦਾ ਉਦਘਾਟਨ ਕਰ ਕੇ ਉਨ੍ਹਾਂ ਨੂੰ ਮਾਣ ਮਹਿਸੂਸ ਹੋ ਰਿਹਾ ਹੈ, ਕਿਉਂ ਜੋ ਇਸ ਦਾ ਉਦੇਸ਼ ਬਹੁਤ ਮਹਾਨ ਹੈ, ਜਿਹੜਾ ਰਾਸ਼ਟਰੀ ਏਕਤਾ ਦੇ ਸੰਕਲਪ ਨੂੰ ਮਜ਼ਬੂਤ ਕਰਦਾ ਹੈ ਤੇ ਇਹ ਦੇਸ਼ ਨੂੰ ਵਿਸ਼ਵ ਗੁਰੂ ਬਨਾਉਣ ਲਈ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਭਾਰਤ ਦਾ ਸੱਭਿਆਚਾਰ ਸਦੀਆਂ ਪੁਰਾਣਾ ਹੈ, ਜਿਸ ਦਾ ਅਧਾਰ ਪੂਰੇ ਵਿਸ਼ਵ ਨੂੰ ਇਕ ਭਾਈਚਾਰਾ ਮੰਨਣ ਦੇ ਸਿਧਾਂਤ ਉੱਤੇ ਟਿਕਿਆ ਹੈ। ਸਮਾਜ ਵਿੱਚ ਕੋਈ ਵੀ ਵੱਡਾ ਤੇ ਕੋਈ ਵੀ ਛੋਟਾ ਨਹੀਂ ਹੈ, ਇਹ ਭਾਵਨਾ ਵਿਦਿਆਰਥੀਆਂ ਵਿੱਚ ਪੈਦਾ ਕਰਨੀ ਵੀ ਲਾਜ਼ਮੀ ਹੈ। ਇਸ ਤੋਂ ਪਹਿਲਾਂ ਚੇਅਰਪਰਸਨ ਬਾਲ ਭਲਾਈ ਕੌਂਸਲ, ਪ੍ਰਾਜਕਤਾ ਅਵਾਢ ਨੇ ਮਹਿਮਾਨਾਂ ਦਾ ਰਸਮੀ ਸਵਾਗਤ ਕੀਤਾ। ਡਾ. ਪ੍ਰੀਤਮ ਸੰਧੂ, ਸਕੱਤਰ, ਬਾਲ ਭਲਾਈ ਕੌਂਸਲ, ਨੇ ਕੈਂਪ ਦੇ ਉਦੇਸ਼ ਬਾਬਤ ਜਾਣਕਾਰੀ ਦਿੱਤੀ। ਉਹਨਾਂ ਦੱਸਿਆ ਕਿ ਕੈਂਪ ਦੌਰਾਨ ਅਕਾਦਮਿਕ ਸੈਸ਼ਨ, ਇਨਡੋਰ ਖੇਡਾਂ, ਸੈਰ ਸਪਾਟਾ, ਥੀਏਟਰ, ਯੋਗਾ, ਬੱਚਿਆਂ ਦੇ ਸ਼ੋਸ਼ਣ ਤੋਂ ਬਚਾਅ ਬਾਰੇ ਜਾਗਰੂਕ ਕਰਨ ਸਮੇਤ ਵੱਖੋ ਵੱਖ ਗਤੀਵਿਧੀਆਂ ਕੀਤੀਆਂ ਜਾਣਗੀਆਂ। ਪਹਿਲੀਆਂ ਤਿੰਨ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਨੇ ਇਸ ਕੈਂਪ ਲਈ ਪੰਜ ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ ਹੈ। ਉਹਨਾਂ ਦੱਸਿਆ ਕਿ ਬਾਲ ਭਲਾਈ ਕੌਂਸਲ ਵਲੋਂ ਲੋੜਵੰਦ ਘਰਾਂ ਦੇ ਬੱਚਿਆਂ ਨੂੰ ਟਿਊਸ਼ਨ ਦੇਣ ਦਾ ਪ੍ਰੋਜੈਕਟ ਵੀ ਚੱਲ ਰਿਹਾ ਹੈ। ਇਸ ਮੌਕੇ ਵਿਸ਼ੇਸ਼ ਬਾਲਾਂ ਦੇ ਸਕੂਲ ਵਾਣੀ ਸਕੂਲ ਦੇ ਦਿਵਿਆਂਗ ਵਿਦਿਆਰਥੀਆਂ ਵੱਲੋਂ ਬਹੁਤ ਹੀ ਭਾਵਪੂਰਨ ਪੇਸ਼ਕਾਰੀ ਦਿੱਤੀ ਗਈ। ਇਸ ਮੌਕੇ ਬੱਚਿਆਂ ਦੀ ਬਿਹਤਰੀ ਲਈ ਵੱਖੋ-ਵੱਖ ਖੇਤਰਾਂ ਵਿਚ ਯੋਗਦਾਨ ਪਾਉਣ ਵਾਲੀਆਂ ਸ਼ਖਸੀਅਤਾਂ ਦਾ ਸਨਮਾਨ ਕੀਤਾ ਗਿਆ, ਜਿਨ੍ਹਾਂ ਵਿੱਚ ਗੁਰਦੀਪ ਸ਼ਰਮਾ, ਜਸਕੰਵਲਜੀਤ ਕੌਰ, ਡਾ. ਰਵਿੰਦਰ ਸਿੰਘ, ਅਨਿਲ ਸਿੱਧੂ, ਪ੍ਰਵੇਸ਼ ਕੁਮਾਰ, ਮਹਿੰਦਰ ਤੁਲ, ਕੁਲਵਿੰਦਰ ਸਿੰਘ, ਗੁਰਦੀਪ ਧੀਮਾਨ, ਅਭਿਸ਼ੇਕ ਸ਼ਰਮਾ, ਮਿਸ ਰਿੰਪੀ, ਅਨੂਪਕਿਰਨ ਕੌਰ ਦਾ ਸਨਮਾਨ ਕੀਤਾ ਗਿਆ। ਇਸ ਤੋਂ ਇਲਾਵਾ ਪ੍ਰਮੁੱਖ ਸਕੱਤਰ, ਜਲ ਸਪਲਾਈ ਤੇ ਸੈਨੀਟੇਸ਼ਨ, ਪੰਜਾਬ, ਨੀਲਕੰਠ ਅਵਾਢ ਤੇ ਵਧੀਕ ਡਿਪਟੀ ਕਮਿਸ਼ਨਰ (ਜ), ਐੱਸ. ਏ. ਐੱਸ. ਨਗਰ, ਵਿਰਾਜ ਸ਼ਿਆਮਕਰਣ ਤਿੜਕੇ ਦਾ ਵੀ ਉੱਚੇਚੇ ਤੌਰ ’ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਪੰਜਾਬ ਦੇ ਸੱਭਿਆਚਾਰ ਨੂੰ ਦਰਸਾਉਂਦੇ ਚਿੰਨ੍ਹ ਹੱਥ-ਪੱਖੀ ਨਾਲ ਰਾਜਪਾਲ ਪੰਜਾਬ ਦਾ ਸਨਮਾਨ ਵੀ ਕੀਤਾ ਗਿਆ। ਇਸ ਕੈਂਪ ਲਈ ਅਨਹਦ ਫਾਊਂਡੇਸ਼ਨ ਨੇ ਉਚੇਚਾ ਸਹਿਯੋਗ ਦਿੱਤਾ ਹੈ। ਇਸ ਮੌਕੇ ਐੱਸ ਡੀ ਐਮ ਮੋਹਾਲੀ ਦੀਪਾਂਕਰ ਗਰਗ, ਖਜ਼ਾਨਚੀ ਬਾਲ ਭਲਾਈ ਕੌਂਸਲ, ਰਤਿੰਦਰ ਬਰਾੜ ਵੀ ਹਾਜ਼ਰ ਸਨ।
