ਕੀਵ – ਰੂਸ ਤੇ ਯੂਕਰੇਨ ‘ਚ ਜੰਗ ਦਾ ਅੱਜ 8ਵਾਂ ਦਿਨ ਹੈ। ਦੋਵਾਂ ਦੇਸ਼ਾਂ ‘ਚ ਹਾਲਾਤ ਲਗਾਤਾਰ ਵਿਗੜਦੇ ਜਾ ਰਹੇ ਹਨ। ਦਰਅਸਲ ਜੰਗ ਦੇ ਛੇਵੇਂ ਦਿਨ ਰੂਸ ਨੇ ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਜ਼ੋਰਦਾਰ ਹਮਲੇ ਕੀਤੇ। ਨਿਊਜ਼ ਏਜੰਸੀ ਏਐਨਆਈ ਨੇ ਦ ਕੀਵ ਇੰਡੀਪੈਂਡੈਂਟ ਦੇ ਹਵਾਲੇ ਨਾਲ ਕਿਹਾ ਕਿ ਯੂਕਰੇਨ ਦੇ ਖਾਰਕੀਵ ‘ਚ ਸ਼ਕਤੀਸ਼ਾਲੀ ਧਮਾਕਿਆਂ ਦੀ ਆਵਾਜ਼ ਸੁਣੀ ਗਈ ਹੈ।
ਰੂਸ ਅਤੇ ਯੂਕ੍ਰੇਨ ਵਿਚਾਲੇ ਵਧਦੇ ਯੁੱਧ ਨੂੰ ਲੈ ਕੇ ਅੰਤਰਰਾਸ਼ਟਰੀ ਅਦਾਲਤ (ਆਈ.ਸੀ.ਜੇ.) 7 ਅਤੇ 8 ਮਾਰਚ ਨੂੰ ਇਸ ਮਾਮਲੇ ‘ਤੇ ਜਨਤਕ ਸੁਣਵਾਈ ਕਰੇਗੀ। ਆਈ.ਸੀ.ਜੇ. ਦੇ ਬਿਆਨ ਵਿਚ ਕਿਹਾ ਗਿਆ ਹੈ, ‘ਮੌਜੂਦਾ ਮਹਾਮਾਰੀ ਦੀ ਸਥਿਤੀ ਦੇ ਮੱਦੇਨਜ਼ਰ, ਇਹ ਸੁਣਵਾਈ ਹਾਈਬ੍ਰਿਡ ਮੋਡ ਵਿਚ ਕੀਤੀ ਜਾਵੇਗੀ। ਸਿਰਫ਼ ਅਦਾਲਤ ਦੇ ਕੁਝ ਮੈਂਬਰ ਹੀ ਗ੍ਰੇਟ ਹਾਲ ਆਫ਼ ਜਸਟਿਸ ਵਿਚ ਵਿਅਕਤੀਗਤ ਰੂਪ ਨਾਲ ਜ਼ੁਬਾਨੀ ਕਾਰਵਾਈ ਵਿਚ ਹਾਜ਼ਰ ਹੋਣਗੇ, ਜਦੋਂ ਕਿ ਹੋਰ ਮੈਂਬਰ ਵਰਚੁਅਲ ਤੌਰ ‘ਤੇ ਹਾਜ਼ਰ ਹੋਣਗੇ।’ ਉਨ੍ਹਾਂ ਕਿਹਾ ਕਿ ਰੂਸ ਅਤੇ ਯੂਕ੍ਰੇਨ ਦੇ ਨੁਮਾਇੰਦਿਆਂ ਕੋਲ ਦੋਵੇਂ ਵਿਕਲਪ ਹਨ, ਭਾਵੇਂ ਉਹ ਸਰੀਰਕ ਤੌਰ ‘ਤੇ ਮੌਜੂਦਗੀ ਦਰਜ ਕਰਵਾ ਸਕਦੇ ਹਨ ਜਾਂ ਵਰਚੁਅਲ ਰੂਪ ਨਾਲ ਵੀ ਹਾਜ਼ਰ ਹੋ ਸਕਦੇ ਹਨ। ਸੰਯੁਕਤ ਰਾਸ਼ਟਰ ਦੇ ਪ੍ਰਮੁੱਖ ਨਿਆਂਇਕ ਅੰਗ ਹੋਣ ਦੇ ਨਾਤੇ, ਵਿਵਾਦਾਂ ਦੇ ਸ਼ਾਂਤੀਪੂਰਨ ਹੱਲ ਵਿਚ ICJ ਦੀ ਮਹੱਤਵਪੂਰਨ ਭੂਮਿਕਾ ਹੈ। ਧਿਆਨਦੇਣ ਯੋਗ ਹੈ ਕਿ 26 ਫਰਵਰੀ ਨੂੰ ਯੂਕ੍ਰੇਨ ਨੇ ਆਈ.ਸੀ.ਜੇ. ਵਿਚ ਇਕ ਅਰਜ਼ੀ ਦਾਇਰ ਕਰਕੇ ਰੂਸ ਦੇ ਖ਼ਿਲਾਫ਼ ਕਾਰਵਾਈ ਸ਼ੁਰੂ ਕਰਨ ਦੀ ਬੇਨਤੀ ਕੀਤੀ ਸੀ ਅਤੇ ਅਦਾਲਤ ਨੂੰ ਅਪੀਲ ਕੀਤੀ ਸੀ ਕਿ ਰੂਸ ਨੂੰ ਯੂਕ੍ਰੇਨ ਵਿਚ ਸਾਰੇ ਫੌਜੀ ਕਾਰਵਾਈਆਂ ਨੂੰ ਤੁਰੰਤ ਬੰਦ ਕਰਨ ਲਈ ਕਿਹਾ ਜਾਵੇ। ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਟਵੀਟ ਕੀਤਾ, ‘ਅਸੀਂ ਰੂਸ ਨੂੰ ਜਲਦੀ ਤੋਂ ਜਲਦੀ ਫੌਜੀ ਗਤੀਵਿਧੀਆਂ ਨੂੰ ਤੁਰੰਤ ਬੰਦ ਕਰਨ ਦੇ ਆਦੇਸ਼ ਦੇਣ ਦੇ ਫੈਸਲੇ ਦੀ ਬੇਨਤੀ ਕਰਦੇ ਹਾਂ।’
ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਰੂਸੀ ਹਮਲਿਆਂ ਦੇ ਵਿਚਕਾਰ ਅਮਰੀਕੀ ਸੰਸਦ ਵਿੱਚ ਸਟੇਟ ਆਫ ਦ ਯੂਨੀਅਨ ਨੂੰ ਸੰਬੋਧਨ ਕੀਤਾ। ਆਪਣੇ ਸਟੇਟ ਆਫ ਦ ਯੂਨੀਅਨ ਸੰਬੋਧਨ ਦੌਰਾਨ ਜੋਅ ਬਾਇਡਨ ਨੇ ਕਿਹਾ ਕਿ ਅਮਰੀਕਾ ਯੂਕਰੇਨ ਦੇ ਨਾਲ ਖੜ੍ਹਾ ਹੈ। ਸੰਯੁਕਤ ਰਾਜ ਤੇ ਸਾਡੇ ਸਹਿਯੋਗੀ ਸਮੂਹਿਕ ਤਾਕਤ ਨਾਲ ਨਾਟੋ ਖੇਤਰ ਦੇ ਹਰ ਇੰਚ ਦੀ ਰੱਖਿਆ ਕਰਨਗੇ। ਉਨ੍ਹਾਂ ਕਿਹਾ ਕਿ ਯੂਕਰੇਨ ਦੇ ਲੋਕ ਹਿੰਮਤ ਨਾਲ ਲੜ ਰਹੇ ਹਨ। ਪੁਤਿਨ ਨੂੰ ਜੰਗ ਦੇ ਮੈਦਾਨ ‘ਤੇ ਫਾਇਦਾ ਹੋ ਸਕਦਾ ਹੈ, ਪਰ ਇਹ ਲੰਬੇ ਸਮੇਂ ਲਈ ਉਸ ਨੂੰ ਮਹਿੰਗਾ ਪਵੇਗਾ।