ਨਵੀਂ ਦਿੱਲੀ – ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿਚ ਹੋਈ ਘਟਨਾ ਨੇ ਵਿਰੋਧੀ ਪਾਰਟੀਆਂ ਨੂੰ ਸਿਆਸੀ ਲਾਭ ਚੁੱਕਣ ਦਾ ਵੱਡਾ ਮੌਕਾ ਦੇ ਦਿੱਤਾ ਹੈ। ਕਾਂਗਰਸ ਸਮੇਤ ਸਾਰੀਆਂ ਵਿਰੋਧੀ ਪਾਰਟੀਆਂ ਕੇਂਦਰ ਤੇ ਸੂਬਾ ਸਰਕਾਰ ਨੂੰ ਘੇਰਨ ਦਾ ਕੋਈ ਮੌਕਾ ਨਹੀਂ ਛੱਡਣਾ ਚਾਹੁੰਦੀਆਂ। ਪੰਜਾਬ ਤੇ ਯੂਪੀ ਸਣੇ ਹੋਰ ਕਈ ਸੂਬਿਆਂ ਦੇ ਵਿਧਾਨ ਸਭਾ ਚੋਣਾਂ ਨੂੰ ਦੇਖਦੇ ਹੋਏ ਵਿਰੋਧੀ ਲਖੀਮਪੁਰ ਖੀਰੀ ਕਾਂਡ ਨੂੰ ਤੂਲ ਦੇਣ ਵਿਚ ਲੱਗੇ ਹੋਏ ਹਨ। ਕਾਂਗਰਸ ਨੇ ਦੂਜੇ ਸੂਬਿਆਂ ਦੇ ਆਪਣੇ ਮੁੱਖ ਮੰਤਰੀਆਂ, ਆਗੂਆਂ ਤੇ ਵਰਕਰਾਂ ਨੂੰ ਮੈਦਾਨ ਵਿਚ ਉਤਾਰ ਦਿੱਤਾ ਹੈ। ਐਤਵਾਰ ਨੂੰ ਲਖੀਮਪੁਰ ਖੀਰੀ ਦੀ ਘਟਨਾ ਵਿਚ ਅੱਠ ਲੋਕਾਂ ਦੀ ਮੌਤ ਹੋ ਗਈ ਸੀ। ਇਸ ਵਿਚ ਗ੍ਰਹਿ ਮੰਤਰੀ ਅਜੇ ਮਿਸ਼ਰਾ ਦੇ ਬੇਟੇ ਆਸ਼ੀਸ਼ ਮਿਸ਼ਰਾ ‘ਤੇ ਦੋਸ਼ ਲੱਗ ਰਹੇ ਹਨ। ਲਖੀਮਪੁਰ ਦੀ ਘਟਨਾ ਨਾਲ, ਕਾਂਗਰਸ ਨੂੰ ਉਮੀਦ ਹੈ ਕਿ ਉਹ ਭਾਜਪਾ ਦੇ ਖ਼ਿਲਾਫ਼ ਮਾਹੌਲ ਬਣਾਉਣ ਤੇ ਰਾਜ ਦੇ ਰਾਜਨੀਤਕ ਸਮੀਕਰਨ ਨੂੰ ਬਦਲਣ ਵਿੱਚ ਸਫਲ ਹੋ ਸਕਦੀ ਹੈ। ਜਿੱਥੇ ਇੱਕ ਪਾਸੇ, ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਨੇ ਖੁਦ ਅਗਵਾਈ ਕੀਤੀ ਹੈ, ਦੂਜੇ ਪਾਸੇ ਉਹ ਆਪਣੇ ਸੀਨੀਅਰ ਆਗੂਆਂ ਤੇ ਮੁੱਖ ਮੰਤਰੀਆਂ ਦਾ ਸਹਾਰਾ ਵੀ ਲੈ ਰਹੇ ਹਨ। ਪੰਜਾਬ, ਛੱਤੀਸਗੜ੍ਹ, ਰਾਜਸਥਾਨ, ਝਾਰਖੰਡ ਤੇ ਉੱਤਰਾਖੰਡ ਦੇ ਕਾਂਗਰਸੀ ਆਗੂ ਪੀੜਤਾਂ ਨੂੰ ਮਿਲਣ ਲਖੀਮਪੁਰ ਖੀਰੀ ਜਾ ਰਹੇ ਹਨ। ਬੁੱਧਵਾਰ ਨੂੰ ਰਾਜ ਸਰਕਾਰ ਤੋਂ ਆਗਿਆ ਮਿਲਣ ਤੋਂ ਬਾਅਦ, ਰਾਹੁਲ ਗਾਂਧੀ ਤੇ ਉਨ੍ਹਾਂ ਦੀ ਭੈਣ ਪ੍ਰਿਯੰਕਾ ਗਾਂਧੀ ਵਾਡਰਾ ਸਣੇ ਪੰਜ ਆਗੂ ਹਿੰਸਾ ਵਿਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ ਮਿਲਣ ਲਖੀਮਪੁਰ ਖੀਰੀ ਗਏ। ਵਿਰੋਧੀ ਪਾਰਟੀਆਂ ਸਰਕਾਰ ‘ਤੇ ਆਸ਼ੀਸ਼ ਮਿਸ਼ਰਾ ਦੀ ਗ੍ਰਿਫ਼ਤਾਰੀ ਲਈ ਦਬਾਅ ਬਣਾ ਰਹੀਆਂ ਹਨ। ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਦੀ ਅਗਵਾਈ ਵਿਚ ਪੰਜਾਬ ਕਾਂਗਰਸ ਲਖੀਮਪੁਰ ਖੀਰੀ ਤਕ ਮਾਰਚ ਕੱਢਣਗੇ। ਇਸ ਨੂੰ ਲੈ ਕੇ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੂਪੇਸ਼ ਬਘੇਲ ਨੇ ਲਖੀਮਪੁਰ ਕਾਂਡ ਵਿਚ ਮਾਰੇ ਗਏ ਚਾਰ ਕਿਸਾਨਾਂ ਦੇ ਪਰਿਵਾਰ ਨੂੰ ਅਲਗ ਤੋਂ 50 ਲੱਖ ਰੁਪਏ ਦੀ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ।
previous post