ਮੈਲਬੌਰਨ – ਵਿਕਟੋਰੀਆ ਸਰਕਾਰ ਨੇ ਔਰਤਾਂ ਦੀ ਸਿਹਤ ਲਈ ਸੂਬੇ ਭਰ ਵਿੱਚ 20 ਮੁਫ਼ਤ ਵਿਸ਼ੇਸ਼ ਕਲੀਨਿਕ ਖੋਲ੍ਹਣ ਦਾ ਕੰਮ ਪੂਰਾ ਕਰ ਲਿਆ ਹੈ। ਸਿਹਤ ਮੰਤਰੀ ਇੰਗ੍ਰਿਡ ਸਟਿੱਟ ਨੇ ਹਾਈਡਲਬਰਗ ਵਿੱਚ ਆਖ਼ਰੀ ਕਲੀਨਿਕ ਦਾ ਅਧਿਕਾਰਤ ਉਦਘਾਟਨ ਕੀਤਾ।
ਇਹ ਕਲੀਨਿਕ ਆਸਟਿਨ ਹੈਲਥ ਅਤੇ ਮਰਸੀ ਹਸਪਤਾਲ ਫ਼ਾਰ ਵੁਮੈਨ ਦੇ ਸਹਿਯੋਗ ਨਾਲ ਚਲਾਇਆ ਜਾਵੇਗਾ। ਇੱਥੇ ਮੈਲਬੌਰਨ ਦੇ ਉੱਤਰ-ਪੂਰਬੀ ਇਲਾਕਿਆਂ ਦੀਆਂ ਔਰਤਾਂ ਨੂੰ ਇੱਕੋ ਥਾਂ ’ਤੇ ਮਾਹਿਰ ਸਿਹਤ ਸੇਵਾਵਾਂ ਮਿਲਣਗੀਆਂ। ਇਨ੍ਹਾਂ ਕਲੀਨਿਕਾਂ ਵਿੱਚ ਔਰਤਾਂ ਨੂੰ ਹੇਠ ਲਿਖੀਆਂ ਸਮੱਸਿਆਵਾਂ ਲਈ ਮਦਦ ਮਿਲ ਸਕੇਗੀ:
- ਐਂਡੋਮੈਟ੍ਰਿਓਸਿਸ ਦੀ ਬਿਮਾਰੀ
- ਪੇਡੂ ਦੇ ਹਿੱਸੇ ਵਿੱਚ ਲਗਾਤਾਰ ਦਰਦ
- ਮਾਹਵਾਰੀ ਦੌਰਾਨ ਜ਼ਿਆਦਾ ਖ਼ੂਨ ਆਉਣਾ ਜਾਂ ਤੇਜ਼ ਦਰਦ
- ਮੀਨੋਪੌਜ਼ ਨਾਲ ਜੁੜੀਆਂ ਸਮੱਸਿਆਵਾਂ
- ਪਿਸ਼ਾਬ ’ਤੇ ਕਾਬੂ ਰੱਖਣ ਵਿੱਚ ਮੁਸ਼ਕਲ
- ਗਰਭ-ਨਿਰੋਧ ਅਤੇ ਗਰਭਪਾਤ ਸਬੰਧੀ ਸੇਵਾਵਾਂ
ਇਨ੍ਹਾਂ ਕੇਂਦਰਾਂ ਵਿੱਚ ਔਰਤਾਂ ਦੇ ਰੋਗਾਂ ਦੇ ਮਾਹਿਰ ਡਾਕਟਰ, ਵਿਸ਼ੇਸ਼ ਨਰਸਾਂ ਅਤੇ ਹੋਰ ਸਿਹਤ ਕਰਮਚਾਰੀ ਮਿਲ ਕੇ ਇਲਾਜ ਕਰਨਗੇ। ਆਸਟਿਨ ਹੈਲਥ ਗਰਭ-ਨਿਰੋਧ ਅਤੇ ਗਰਭਪਾਤ ਸਬੰਧੀ ਸੇਵਾਵਾਂ ਦੇਵੇਗੀ, ਜਦਕਿ ਮਰਸੀ ਹਸਪਤਾਲ ਪੇਡੂ ਦੇ ਲਗਾਤਾਰ ਦਰਦ ਅਤੇ ਐਂਡੋਮੈਟ੍ਰਿਓਸਿਸ ਦੇ ਇਲਾਜ ਵਿੱਚ ਸਹਾਇਤਾ ਕਰੇਗਾ।
ਸਰਕਾਰ ਮੁਤਾਬਕ, ਇਹ ਨੈੱਟਵਰਕ ਸ਼ੁਰੂ ਹੋਣ ਤੋਂ ਬਾਅਦ ਹੁਣ ਤੱਕ 17,500 ਤੋਂ ਵੱਧ ਔਰਤਾਂ ਮੁਫ਼ਤ ਮਾਹਿਰ ਸਿਹਤ ਸੇਵਾਵਾਂ ਲੈ ਚੁੱਕੀਆਂ ਹਨ। ਇਹ ਕਲੀਨਿਕ ਵਿਕਟੋਰੀਆ ਸਰਕਾਰ ਦੇ 153 ਮਿਲੀਅਨ ਡਾਲਰ ਦੇ ਔਰਤਾਂ ਦੀ ਸਿਹਤ ਪੈਕੇਜ ਦਾ ਹਿੱਸਾ ਹਨ। ਸਰਕਾਰ ਅਨੁਸਾਰ, ਇਸ ਯੋਜਨਾ ਦਾ ਮਕਸਦ ਔਰਤਾਂ ਨੂੰ ਸਮੇਂ ਸਿਰ ਇਲਾਜ ਦਿਵਾਉਣਾ ਅਤੇ ਸਿਹਤ ਸੇਵਾਵਾਂ ਦੀ ਲਾਗਤ ਕਾਰਨ ਪੈਦਾ ਹੋਣ ਵਾਲੀਆਂ ਮੁਸ਼ਕਲਾਂ ਘਟਾਉਣਾ ਹੈ।
ਸਿਹਤ ਮੰਤਰੀ ਇੰਗ੍ਰਿਡ ਸਟਿੱਟ ਨੇ ਕਿਹਾ ਕਿ ਸਰਕਾਰ ਨੇ 20 ਕਲੀਨਿਕ ਖੋਲ੍ਹਣ ਦਾ ਵਾਅਦਾ ਪੂਰਾ ਕੀਤਾ ਹੈ ਅਤੇ ਹੁਣ ਔਰਤਾਂ ਨੂੰ ਆਪਣੇ ਘਰਾਂ ਦੇ ਨੇੜੇ ਮੁਫ਼ਤ ਮਾਹਿਰ ਸਹਾਇਤਾ ਮਿਲ ਸਕੇਗੀ।
