ਕੈਨਬਰਾ – ਵਿਗੜਦੇ ਵਾਤਾਵਰਣ ਅਤੇ ਗਲੋਬਲ ਵਾਰਮਿੰਗ ਦਾ ਅਸਰ ਸਿਰਫ ਮਨੁੱਖਾਂ `ਤੇ ਹੀ ਨਹੀਂ ਬਲਕਿ ਇਸ ਕਾਰਨ ਹਜ਼ਾਰਾਂ ਪੰਛੀ, ਕੀਟ-ਪਤੰਗੇ ਅਤੇ ਰੁੱਖਾਂ `ਤੇ ਵੀ ਅਸਰ ਪੈ ਰਿਹਾ ਹੈ। ਵੈਸਟਰਨ ਆਸਟ੍ਰੇਲੀਆ ਯੂਨੀਵਰਸਿਟੀ ਦੇ ਐਸੋਸੀਏਟ ਪ੍ਰੋਫੈਸਰ ਅਮਾਂਡਾ ਰਿਡਲੇ ਅਤੇ ਉਹਨਾਂ ਦੀ ਟੀਮ ਦੁਆਰਾ ਹਾਲ ਹੀ ਵਿਚ ਕੀਤੇ ਇਕ ਸਰਵੇਖਣ ਮੁਤਾਬਕ ਜ਼ਿਆਦਾ ਗਰਮੀ ਪੰਛੀਆਂ ਦੇ ਜਿਉਂਦਾ ਰਹਿਣ, ਪ੍ਰਜਨਣ ਕਰਨ ਅਤੇ ਉਹਨਾਂ ਦੇ ਬੱਚਿਆਂ ਨੂੰ ਪਾਲਣ ਦੀ ਸਮਰੱਥਾ ਨੂੰ ਪ੍ਰਭਾਵਿਤ ਕਰ ਰਹੀ ਹੈ।
ਡਾ. ਰਿਡਲੇ ਜੋ 2013 ਤੋਂ ਮੈਗਾਪਾਈਜ਼ `ਤੇ ਅੰਕੜੇ ਇਕੱਠੇ ਕਰ ਰਹੇ ਹਨ ਦਾ ਕਹਿਣਾ ਹੈ ਕਿ ਬੀਤੀਆਂ ਤਿੰਨ ਗਰਮੀਆਂ ਵਿਚ ਗਰਮ ਲਹਿਰਾਂ ਨੇ ਪੰਛੀਆਂ ਅਤੇ ਉਹਨਾਂ ਦੇ ਬੱਚਿਆਂ ਨੂੰ ਤਬਾਹ ਕਰ ਦਿੱਤਾ ਹੈ। ਉਹਨਾਂ ਮੁਤਾਬਕ ਗਰਮੀ ਦੇ ਦਬਾਅ ਕਾਰਨ ਮੈਗਾਪਾਈਜ਼ ਅਤੇ ਉਹਨਾਂ ਦੇ ਬੱਚਿਆਂ ਦੀ ਦੇਖਭਾਲ ਕਰਨ ਦੀ ਸਮਰੱਥਾ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਗਰਮ ਲਹਿਰਾਂ ਦੇ ਕਾਰਨ ਪੰਛੀਆਂ ਦਾ ਵਜ਼ਨ ਵਧਣਾ ਮੁਸ਼ਕਿਲ ਹੁੰਦਾ ਜਾ ਰਿਹਾ ਹੈ। ਗਰਮ ਲਹਿਰਾਂ ਦੇ ਕਾਰਨ ਮੈਗਾਪਾਈਜ਼ ਅਕਸਰ ਮਰ ਜਾਂਦੇ ਹਨ ਅਤੇ ਉਹਨਾਂ ਦੇ ਜਿਉਂਦਾ ਰਹਿਣ ਦੀ ਦਰ 10 ਫੀਸਦੀ ਤੱਕ ਘੱਟ ਹੋ ਜਾਂਦੀ ਹੈ।
ਇਸੇ ਤਰ੍ਹਾਂ ਸੂਬਾ ਸਰਕਾਰ ਦੁਆਰਾ ਤਿਆਰ ਇਕ ਦਸਤਾਵੇਜ਼ ਮੁਤਾਬਕ ਵੈਸਟਰਨ ਆਸਟ੍ਰੇਲੀਆ ਦੇ ਦੱਖਣ ਪੱਛਮ ਵਿਚ ਤਾਪਮਾਨ 35 ਡਿਗਰੀ ਸੈਲਸੀਅਸ ਤੋਂ ਜ਼ਿਆਦਾ ਹੋ ਜਾਂਦਾ ਹੈ ਜੋ ਅਗਲੇਰੇ ਸਮੇਂ ਯਾਨਿ 2030 ਤੱਕ 28 ਤੋਂ ਵੱਧ ਕੇ 36 ਡਿਗਰੀ ਤੱਕ ਪਹੁੰਚ ਜਾਵੇਗਾ। ਇਹੀ ਗਤੀ ਜੇਕਰ ਜਾਰੀ ਰਹੀ ਤਾਂ 2090 ਤੱਕ ਇਹ ਅੰਕੜਾ ਵੱਧ ਕੇ 63 ਡਿਗਰੀ ਸੈਲਸੀਅਸ ਹੋ ਜਾਵੇਗਾ। ਅੰਕੜਿਆਂ ਮੁਤਾਬਕ ਗਰਮੀ ਵਿਚ ਵਧਦੇ ਤਾਪਮਾਨ ਕਾਰਨ ਪੰਛੀਆਂ ਨੂੰ ਭੋਜਨ ਪ੍ਰਾਪਤੀ ਵਿਚ ਕਠਿਨਾਈ ਆਉਂਦੀ ਹੈ ਅਤੇ ਬੱਚਿਆਂ ਨੂੰ ਪਾਲਣ ਦੀ ਸਮਰੱਥਾ ਘੱਟ ਹੋ ਜਾਂਦੀ ਹੈ।