ਨਵੀਂ ਦਿੱਲੀ – ਕਾਂਗਰਸ ਦੇ ਸੀਨੀਅਰ ਆਗੂ ਰਮੇਸ਼ ਚੇਨੀਥਲਾ ਨੇ ਮੰਗਲਵਾਰ ਨੂੰ ਕਿਹਾ ਕਿ ਹਰਿਆਣਾ ਚੋਣਾਂ ਦੇ ਨਤੀਜਿਆਂ ਦਾ ਮਹਾਰਾਸ਼ਟਰ ’ਚ ਕੋਈ ਅਸਰ ਨਹੀਂ ਪਵੇਗਾ ਅਤੇ ਪਾਰਟੀ ਵਰਕਰ ਉੱਤਰੀ ਸੂਬੇ ਦੇ ਨਤੀਜਿਆਂ ਤੋਂ ਨਿਰਾਸ਼ ਨਹੀਂ ਹਨ। 288 ਮੈਂਬਰੀ ਮਹਾਰਾਸ਼ਟਰ ਵਿਧਾਨ ਸਭਾ ਲਈ ਅਗਲੇ ਮਹੀਨੇ ਚੋਣਾਂ ਹੋਣ ਦੀ ਸੰਭਾਵਨਾ ਹੈ। ਕਾਂਗਰਸ ਸੂਬੇ ’ਚ ਵਿਰੋਧੀ ਮਹਾ ਵਿਕਾਸ ਅਘਾੜੀ ਦਾ ਇਕ ਹਿੱਸਾ ਹੈ ਜਿਸ ’ਚ ਊਧਵ ਠਾਕਰੇ ਦੀ ਅਗਵਾਈ ਵਾਲੀ ਸ਼ਿਵ ਸੈਨਾ (ਊਧਵ ਬਾਲਾ ਸਾਹਿਬ ਠਾਕਰੇ) ਅਤੇ ਸ਼ਰਦ ਪਵਾਰ ਦੀ ਅਗਵਾਈ ਵਾਲੀ ਐਨ.ਸੀ.ਪੀ. (ਸ਼ਰਦ ਚੰਦਰ ਪਵਾਰ) ਸ਼ਾਮਲ ਹਨ। ਇੱਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮਹਾਰਾਸ਼ਟਰ ਦੇ ਏ.ਆਈ.ਸੀ.ਸੀ. ਇੰਚਾਰਜ ਚੇਨੀਥਲਾ ਨੇ ਕਿਹਾ ਕਿ ਮਹਾ ਵਿਕਾਸ ਅਘਾੜੀ (ਐਮ.ਵੀ.ਏ.) ਇਕ ਨਾਥ ਸ਼ਿੰਦੇ ਦੀ ਅਗਵਾਈ ਵਾਲੀ ਸਰਕਾਰ ਨੂੰ ਇਕਜੁੱਟ ਹੋ ਕੇ ਹਰਾਏਗੀ ਅਤੇ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਰੁਝਾਨਾਂ ਨੇ ਕਾਂਗਰਸ ਦੇ ਮਨੋਬਲ ਨੂੰ ਨੁਕਸਾਨ ਨਹੀਂ ਪਹੁੰਚਾਇਆ ਹੈ। ਉਨ੍ਹਾਂ ਕਿਹਾ ਕਿ ਮਹਾਰਾਸ਼ਟਰ ਅਤੇ ਹਰਿਆਣਾ ਦੀ ਸਿਆਸੀ ਸਥਿਤੀ ਬਿਲਕੁਲ ਵੱਖਰੀ ਹੈ। ਉਨ੍ਹਾਂ ਕਿਹਾ, ‘‘ਮਹਾਰਾਸ਼ਟਰ ਦੇ ਲੋਕ ਬਦਲਾਅ ਅਤੇ ਨਵੀਂ ਸਰਕਾਰ ਦੀ ਸ਼ੁਰੂਆਤ ਲਈ ਤਿਆਰ ਹਨ। ਅਸੀਂ ਜਲਦੀ ਹੀ ਅਪਣਾ ਮੈਨੀਫੈਸਟੋ ਜਾਰੀ ਕਰਾਂਗੇ।’ ਸਾਡਾ ਮਨੋਬਲ ਉੱਚਾ ਹੈ। ਮੌਜੂਦਾ ਸਰਕਾਰ (ਮਹਾਰਾਸ਼ਟਰ ਵਿਚ) ਲੋਕਾਂ ਦੀ ਸਰਕਾਰ ਨਹੀਂ ਹੈ, ਬਲਕਿ ਦਲ ਬਦਲੀ ਰਾਹੀਂ ਹੋਂਦ ਵਿਚ ਆਈ ਹੈ।’’ ਕਾਂਗਰਸ ਆਗੂ ਨੇ ਕਿਹਾ ਕਿ ਪਾਰਟੀ ਹਰਿਆਣਾ ਚੋਣਾਂ ਦੇ ਅੰਤਿਮ ਨਤੀਜਿਆਂ ਦੀ ਉਡੀਕ ਕਰ ਰਹੀ ਹੈ।