ਹੁਸ਼ਿਆਰਪੁਰ – ਥਾਣਾ ਮੇਹਟੀਆਣਾ ਅਧੀਨ ਪੈਂਦੇ ਪਿੰਡ ਹਰਖੋਵਾਲ ਦੇ ਗੁਰਦੁਆਰਾ ਸਾਹਿਬ ’ਚ ਹੋਏ ਸ਼ਾਰਟ ਸਰਕਟ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਪਾਵਨ ਪਵਿੱੱਤਰ ਸਰੂਪ ਅਗਨ ਭੇਂਟ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ। ਜਾਣਕਾਰੀ ਦਿੰਦਿਆਂ ਸੇਵਾਦਾਰ ਗੁਰਬਚਨ ਸਿੰਘ ਨੇ ਦੱਸਿਆ ਕਿ ਸ਼ੁੱਕਰਵਾਰ ਦੁਪਹਿਰੇ ਸਵਾ 2 ਵਜੇ ਉਸ ਨੇ ਗੁਰੂ ਘਰ ਦੇ ਅੰਦਰੋਂ ਧੂੰਆਂ ਨਿਕਲਦਾ ਦੇਖਿਆ, ਜਦੋਂ ਉਸ ਨੇ ਤਾਲਾ ਖੋਲ੍ਹਿਆ ਤਾਂ ਦੇਖਿਆ ਗੁਰਦੁਆਰਾ ਸਾਹਿਬ ਵਿਖੇ ਪ੍ਰਕਾਸ਼ ਕੀਤੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪ ’ਤੇ ਅੱਗ ਮਚੀ ਹੋਈ ਸੀ। ਜਦੋਂ ਤਕ ਪਿੰਡ ਵਾਸੀਆਂ ਦੀ ਮਦਦ ਨਾਲ ਅੱਗ ’ਤੇ ਕਾਬੂ ਪਾਇਆ ਗਿਆ, ਉਦੋਂ ਤਕ ਮਹਾਰਾਜ ਦਾ ਸਰੂਪ ਅਗਨ ਭੇਂਟ ਹੋ ਚੁੱਕਾ ਸੀ।ਸੂਚਨਾ ਮਿਲਦੇ ਹੀ ਐੱਸਪੀਡੀ ਰਵਿੰਦਰਪਾਲ ਸਿੰਘ ਸੰਧੂ, ਡੀਐੱਸਪੀ ਅਮਰਨਾਥ, ਡੀਐੱਸਪੀ ਗੁਰਪ੍ਰੀਤ ਸਿੰਘ ਤੇ ਐੱਸਐੱਚਓ ਮੇਹਟੀਆਣਾ ਦੇਸ ਰਾਜ ਘਟਨਾ ਵਾਲੀ ਥਾਂ ਪਹੁੰਚ ਗਏ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਤੇ ਜਥੇਦਾਰ ਬਲਵੀਰ ਸਿੰਘ ਕਵੀਸ਼ਰੀ ਮੈਂਬਰ ਐੱਸਜੀਪੀਸੀ, ਜਥੇਦਾਰ ਅਮਰਜੀਤ ਸਿੰਘ ਜੰਡੀ ਪ੍ਰਚਾਰਕ ਐੱਸਜੀਪੀਸੀ, ਅਰਵਿੰਦਰ ਸਿੰਘ ਸਮੇਤ ਹੋਰ ਕਮੇਟੀ ਮੈਂਬਰ ਤੇ ਸਰਪੰਚ ਹਰਖੋਵਾਲ ਜਸਬੀਰ ਸਿੰਘਦੀ ਮੌਜੂਦਗੀ ’ਚ ਅਗਨ ਭੇਟ ਹੋਏ ਮਹਾਰਾਜ ਜੀ ਦੇ ਸਰੂਪ ਦੀ ਰਾਖ ਗੋਇੰਦਵਾਲ ਸਾਹਿਬ ਵਿਖੇ ਆਦਰ ਸਤਿਕਾਰ ਲਈ ਰਵਾਨਾ ਕੀਤੀ ਗਈ। ਇਸ ਮੌਕੇ ਐੱਸਪੀ (ਡੀ) ਰਵਿੰਦਰਪਾਲ ਸਿੰਘ ਸੰਧੂ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਵਿਖੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲਣ ਤੋਂ ਬਾਅਦ ਇਹ ਸਾਬਤ ਹੁੰਦਾ ਹੈ ਕਿ ਇਹ ਘਟਨਾ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਅਚਨਚੇਤ ਵਾਪਰੀ ਹੈ, ਜਿਸ ਕਰਕੇ ਪ੍ਰਬੰਧਕਾਂ ਤੇ ਪਿੰਡ ਵਾਸੀਆਂ ਦੀ ਸਹਿਮਤੀ ਨਾਲ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਵੀ ਕਾਰਵਾਈ ਅਮਲ ’ਚ ਨਹੀਂ ਲਿਆਂਦੀ ਗਈ