ਨਵੀਂ ਦਿੱਲੀ – ਭਾਰਤ ਦੇ ਦਵਾਈ ਕੰਟਰੋਲਰ ਜਨਰਲ (ਡੀਜੀਸੀਆਈ) ਵੱਲੋਂ ਐਮਰਜੈਂਸੀ ਇਸਤੇਮਾਲ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਕੋਰੋਨਾ ਰੋਕੂ ਜਾਇਕੋਵ-ਡੀ ਵੈਕਸੀਨ ਬਣਾਉਣ ਵਾਲੀ ਕੰਪਨੀ ਨੇ ਕਿਹਾ ਹੈ ਕਿ ਸਤੰਬਰ 2021 ਦੇ ਮੱਧ ਤੋਂ ਉਸ ਦੀ ਵੈਕਸੀਨ ਦੇਸ਼ ਵਿਚ ਮਿਲਣੀ ਸ਼ੁਰੂ ਹੋ ਜਾਵੇਗੀ। ਕੀਮਤ ਦਾ ਐਲਾਨ ਦੋ ਹਫ਼ਤਿਆਂ ਦੇ ਅੰਦਰ ਕਰ ਦਿੱਤਾ ਜਾਵੇਗਾ। ਕੀਮਤ ਦੇ ਬਾਰੇ ਵਿਚ ਕੰਪਨੀ ਦੀ ਗੱਲਬਾਤ ਸਰਕਾਰ ਦੀਆਂ ਏਜੰਸੀਆਂ ਨਾਲ ਇਕ ਹਫ਼ਤੇ ਦੇ ਅੰਦਰ ਸ਼ੁਰੂ ਹੋਵੇਗੀ ਅਤੇ ਇਸ ‘ਤੇ ਛੇਤੀ ਹੀ ਅੰਤਿਮ ਫ਼ੈਸਲਾ ਹੋਣ ਦੀ ਸੰਭਾਵਨਾ ਹੈ। ਕੰਪਨੀ ਦੇ ਐੱਮਡੀ ਡਾ. ਸ਼ਰਵਿਲ ਪਟੇਲ ਨੇ ਦੱਸਿਆ ਕਿ ਕੀਮਤ ਦਾ ਫ਼ੈਸਲਾ ਸਰਕਾਰੀ ਏਜੰਸੀਆਂ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ ਤੈਅ ਹੋਵੇਗਾ, ਪਰ ਇਹ ਨਿਸ਼ਚਿਤ ਹੈ ਕਿ ਕੀਮਤ ਹਾਲੇ ਦੇਸ਼ ਵਿਚ ਮੌਜੂਦ ਦੂਜੀ ਕੋਰੋਨਾ ਵੈਕਸੀਨ ਦੀਆਂ ਕੀਮਤਾਂ ਦੇ ਆਸਪਾਸ ਹੀ ਰਹੇਗੀ ਤਾਂ ਕਿ ਆਮ ਜਨਤਾ ‘ਤੇ ਜ਼ਿਆਦਾ ਬੋਝ ਨਾ ਪਵੇ। ਇਹ ਕੋਰੋਨਾ ਮਹਾਮਾਰੀ ਖ਼ਿਲਾਫ਼ ਦੁਨੀਆ ਦੀ ਪਹਿਲੀ ਡੀਐੱਨਏ ਅਧਾਰਤ ਵੈਕਸੀਨ ਹੋਵੇਗੀ।
ਕੰਪਨੀ ਦੀ ਯੋਜਨਾ ਦੇ ਬਾਰੇ ‘ਚ ਦੱਸਦੇ ਹੋਏ ਡਾ. ਪਟੇਲ ਨੇ ਕਿਹਾ ਕਿ ਸਰਕਾਰ ਤੋਂ ਪੰਜ ਤੋਂ ਸੱਤ ਦਿਨਾਂ ਦੇ ਅੰਦਰ ਗੱਲਬਾਤ ‘ਚ ਮੁੱਖ ਤੌਰ ‘ਤੇ ਤਿੰਨ ਚੀਜ਼ਾਂ ਦਾ ਨਿਰਧਾਰਨ ਕੀਤਾ ਜਾਣਾ ਹੈ। ਪਹਿਲੀ ਇਹ ਕਿ ਕੀਮਤ ਕੀ ਹੋਵੇ। ਦੂਜੀ, ਸਰਕਾਰੀ ਸਾਡੀ ਕਿੰਨੀ ਵੈਕਸੀਨ ਖ਼ਰੀਦੇਗੀ ਅਤੇ ਤੀਜੀ, ਸਾਨੂੰ ਨਿੱਜੀ ਖੇਤਰ ਨੂੰ ਕਿੰਨੀ ਵੈਕਸੀਨ ਵੇਚਣ ਦੀ ਇਜਾਜ਼ਤ ਮਿਲਦੀ ਹੈ। ਇਹ ਪੁੱਛੇ ਜਾਣ ‘ਤੇ ਕਿ ਕੰਪਨੀ ਕਦੋਂ ਤਕ ਵੈਕਸੀਨ ਸਰਕਾਰ ਨੂੰ ਦੇਣ ਲੱਗੇਗੀ? ਇਸ ‘ਤੇ ਉਨ੍ਹਾਂ ਦਾ ਜਵਾਬ ਸੀ ਕਿ ਸਾਡੇ ਪਲਾਂਟ ਵਿਚ ਅਗਲੇ ਮਹੀਨੇ ਦੀ ਸ਼ੁਰੂਆਤ ਤੋਂ ਇਸ ਦਾ ਉਤਪਾਦਨ ਸ਼ੁਰੂ ਹੋ ਜਾਵੇਗਾ। ਸਭ ਕੁਝ ਠੀਕ ਰਿਹਾ ਤਾਂ ਤੱਤਕਾਲ ਵੱਖ-ਵੱਖ ਏਜੰਸੀਆਂ ਜ਼ਰੀਏ ਇਸ ਦੀ ਵੰਡ ਵੀ ਸ਼ੁਰੂ ਹੋ ਜਾਵੇਗੀ।
ਉਂਜ ਅਕਤੂਬਰ ਦੇ ਅੰਤ ਤਕ ਇਕ ਕਰੋੜ ਡੋਜ਼ ਵੈਕਸੀਨ ਅਤੇ ਜਨਵਰੀ 2022 ਦੇ ਅੰਤ ਤਕ ਕੁਲ ਪੰਜ ਕਰੋੜ ਡੋਜ਼ ਦੀ ਸਪਲਾਈ ਕੀਤੇ ਜਾਣ ਦੀ ਸੰਭਾਵਨਾ ਹੈ। ਕੰਪਨੀ ਨੇ ਕਿਹਾ ਹੈ ਕਿ ਸਾਲਾਨਾ ਆਧਾਰ ‘ਤੇ ਇਸ ਵੈਕਸੀਨ ਦੀਆਂ 12 ਕਰੋੜ ਡੋਜ਼ ਬਣਾਉਣ ਦੀ ਉਸ ਦੀ ਸਮਰੱਥਾ ਹੋਵੇਗੀ, ਜਿਸ ਨੂੰ ਲੋੜ ਪੈਣ ‘ਤੇ ਬਾਅਦ ਵਿਚ ਵਧਾਇਆ ਜਾ ਸਕੇਗਾ।