ਸਿਡਨੀ – ਨਿਊ ਸਾਉਥ ਵੇਲਜ਼ ਦੇ ਵਿੱਚ ਕੋਵਿਡ-19 ਦੇ ਨਾਲ ਸਥਿਤੀ ਹਾਲੇ ਵੀ ਗੰਭੀਰ ਬਣੀ ਹੋਈ ਹੈ। ਨਿਊ ਸਾਉਥ ਵੇਲਜ਼ ਦੇ ਵਿੱਚ ਪਿਛਲੇ 24 ਘੰਟਿਆਂ ਦੇ ਦੌਰਾਨ ਕੋਵਿਡ-19 ਦੇ 233 ਨਵੇਂ ਮਿਲੇ ਹਨ ਜਦਕਿ ਕੋਵਿਡ-19 ਦੇ ਨਾਲ ਇੱਕ 20 ਸਾਲਾ ਬੱਚੇ ਦੀ ਮੌਤ ਹੋ ਗਈ ਹੈ ਜਿਸ ਨਾਲ ਸਰਕਾਰ ਅਤੇ ਸਿਹਤ ਅਧਿਕਾਰੀ ਚਿੰਤਾ ‘ਤੇ ਦਬਾਅ ਦੇ ਵਿੱਚ ਹਨ।
ਨਿਊ ਸਾਊਥ ਵੇਲਜ਼ ਦੀ ਪ੍ਰੀਮੀਅਰ ਗਲੈਡਿਸ ਬੈਰੇਜੀਕਲੀਅਨ ਨੇ ਡੈਲਟਾ ਵੇਰੀਐਂਟ ‘ਤੇ ਡੂੰਘੀ ਚਿੰਤਾ ਪ੍ਰਗਟਾਉਂਦਿਆਂ ਚਿਤਾਵਨੀ ਦਿੱਤੀ ਹੈ ਕਿ ਡੈਲਟਾ ਵੇਰੀਐਂਟ ਨਾਲ ਸਥਿਤੀ ਹੋਰ ਵੀ ਵਧੇਰੇ ਖਤਰਨਾਕ ਹੋ ਸਕਦੀ ਹੈ।
ਕੱਲ੍ਹ ਸਾਊਥ-ਵੈਸਟ ਸਿਡਨੀ ਦੇ ਵੈਰਿਕ ਫਾਰਮ ਇਲਾਕੇ ਦੇ ਵਿੱਚ ਇੱਕ 20 ਸਾਲਾ ਵਿਅਕਤੀ ਦੀ ਕੋਵਿਡ-19 ਨਾਲ ਮੌਤ ਹੋ ਗਈ ਜਦਕਿ ਉਸਨੂੰ ਪਹਿਲਾਂ ਕਿਸੇ ਕਿਸਮ ਦੀ ਕੋਈ ਬਿਮਾਰੀ ਨਹੀਂ ਸੀ। ਨਿਊ ਸਾਊਥ ਵੇਲਜ਼ ਦੀ ਚੀਫ਼ ਮੈਡੀਕਲ ਅਫਸਰ ਕੈਰੀ ਚੈਂਟ ਨੇ ਇਸ ਸਬੰਧੀ ਦੱਸਿਆ ਕਿ ਸਾਊਥ-ਵੈਸਟਰਨ ਸਿਡਨੀ ਦੇ ਸਿਹਤ ਅਧਿਕਾਰੀਆਂ ਦੇ ਵਲੋਂ ਉਸਦਾ ਰੋਜ਼ਾਨਾ ਚੈੱਕਅੱਪ ਕੀਤਾ ਜਾਂਦਾ ਸੀ ਪਰ ਉਸਦੀ ਅਚਾਨਕ ਤਬੀਅਤ ਵਿਗੜ ਗਈ ਤੇ ਮੌਤ ਹੋ ਗਈ। ਕੱਲ੍ਹ ਇੱਕ 80 ਸਾਲਾ ਔਰਤ ਦੀ ਵੀ ਕੋਵਿਡ-19 ਨਾਲ ਮੌਤ ਹੋ ਗਈ ਹੈ, ਉਹ 27 ਜੁਲਾਈ ਨੂੰ ਕੋਵਿਡ ਨਾਲ ਪੀੜਤ ਹੋ ਗਈ ਸੀ।
ਵਰਨਣਯੋਗ ਹੈ ਕਿ ਪਿਛਲੇ 24 ਘੰਟਿਆਂ ਦੇ ਵਿੱਚ ਨਿਊ ਸਾਉਥ-ਵੇਲਜ਼ ਦੇ ਵਿੱਚ ਕੋਵਿਡ-19 ਦੇ 1 ਲੱਖ 5 ਹਜ਼ਾਰ ਟੈਸਟ ਕੀਤੇ ਗਏ ਹਨ। ਨਿਊ ਸਾਉਥ-ਵੇਲਜ਼ ਦੇ ਵਿੱਚ ਮਹਾਂਮਾਰੀ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ 73 ਲੋਕ ਵਾਇਰਸ ਦੇ ਨਾਲ ਮੌਤ ਦੇ ਮੂੰਹ ਦੇ ਵਿੱਚ ਜਾ ਪਏ ਹਨ।