ਲੰਡਨ – ਬ੍ਰਿਟੇਨ ’ਚ ਕੋਵਿਡ-19 ਮਹਾਮਾਰੀ ਦੇ ਵਿਗਡ਼ਦੇ ਹਾਲਾਤ ਦੌਰਾਨ ਉਥੋਂ ਦੀ ਸਰਕਾਰ ਨੇ ਵਿਦੇਸ਼ੀ ਸਿਹਤ ਮੁਲਾਜ਼ਮਾਂ ਤੇ ਹੋਰਨਾਂ ਸਥਾਨਾਂ ’ਤੇ ਦੇਖਭਾਲ ਕਰਨ ਵਾਲਿਆਂ ਲਈ ਵੀਜ਼ਾ ਨਿਯਮਾਂ ’ਚ ਰਾਹਤ ਦੇਣ ਦਾ ਫ਼ੈਸਲਾ ਕੀਤਾ ਹੈ। ਇਨ੍ਹਾਂ ਲੋਕਾਂ ਨੂੰ 12 ਮਹੀਨੇ ਦੀ ਛੋਟੀ ਮਿਆਦ ਲਈ ਵੀਜ਼ਾ ਦਿੱਤਾ ਜਾਵੇਗਾ। ਸਰਕਾਰ ਨੇ ਇਹ ਫ਼ੈਸਲਾ ਸਿਹਤ ਤੇ ਸਾਂਭ ਸੰਭਾਲ ਦੇ ਖੇਤਰ ’ਚ ਪੈਦਾ ਹੋਹੀ ਮੁਲਾਜ਼ਮਾਂ ਦੀ ਕਮੀ ਦੇ ਮੱਦੇਨਜ਼ਰ ਕੀਤਾ ਹੈ। ਬ੍ਰਿਟਿਸ਼ ਸਰਕਾਰ ਨੇ ਸ਼ੁੱਕਰਵਾਰ ਨੂੰ ਸਿਹਤ ਤੇ ਦੇਖਭਾਲ ਵੀਜ਼ਾ ’ਚ ਰਾਹਤ ਦੇਣ ਦਾ ਫ਼ੈਸਲਾ ਕੀਤਾ ਹੈ। ਇਸ ਨਾਲ ਹਜ਼ਾਰਾਂ ਵਿਦੇਸ਼ੀ ਮੁਲਾਜ਼ਮਾਂ ਨੂੰ ਬ੍ਰਿਟੇਨ ’ਚ ਕੰਮ ਕਰਨ ਦਾ ਮੌਕਾ ਮਿਲੇਗਾ। ਸਰਕਾਰ ਨੇ ਇਹ ਫ਼ੈਸਲਾ ਜਲਦੀ, ਆਸ ਨਾਲੋਂ ਘੱਟ ਤਨਖ਼ਾਹ ਵਾਲੇ ਤੇ ਆਸਾਨੀ ਨਾਲ ਉਪਲਬਧ ਹੋਣ ਵਾਲੇ ਮੁਲਾਜ਼ਮਾਂ ਨੂੰ ਦੇਸ਼ ’ਚ ਲਿਆਉਣ ਦੇ ਮਕਸਦ ਨਾਲ ਕੀਤਾ ਹੈ। ਇਸ ਨਾਲ ਭਾਰਤ ਸਮੇਤ ਏਸ਼ੀਆਈ ਦੇਸ਼ਾਂ ਦੇ ਮੁਲਾਜ਼ਮਾਂ ਨੂੰ ਵੱਡਾ ਫ਼ਾਇਦਾ ਹੋਣ ਦੀ ਉਮੀਦ ਹੈ। ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਕਿਹਾ ਹੈ ਕਿ ਇਸ ਸੈਕਟਰ ’ਚ ਲੋਕਾਂ ਦੀ ਸ਼ਿੱਦਤ ਨਾਲ ਕਮੀ ਮਹਿਸੂਸ ਕੀਤੀ ਜਾ ਰਹੀ ਹੈ। ਅਨੁਭਵੀ ਲੋਕਾਂ ਦੀ ਕਮੀ ਖ਼ਾਸ ਤੌਰ ’ਤੇ ਮਹਿਸੂਸ ਕੀਤੀ ਜਾ ਰਹੀ ਹੈ।