ਸਿੰਗਾਪੁਰ – ਸਿੰਗਾਪੁਰ ਦੇ ਲਿਟਿਲ ਇੰਡੀਆ ਵਿਚ ਸ਼ਾਪਿੰਗ ਮਾਲ ਦਾ ਸੰਚਾਲਨ ਕਰਨ ਸਮੇਤ ਕਈ ਖੇਤਰਾਂ ਵਿਚ ਕਾਰੋਬਾਰ ਕਰ ਰਹੇ ਮੁਸਤਫ਼ਾ ਸਮੂਹ ਦਾ ਡਾਟਾ ਵੱਡੇ ਪੈਮਾਨੇ ‘’ਤੇ ਲੀਕ ਹੋਣ ਦੀ ਖ਼ਬਰ ਹੈ। ਦੇਸ਼ ਦੀ ਡਾਟਾ ਸੁਰੱਖਿਆ ਏਜੰਸੀ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਮੀਡੀਆ ‘’ਚ ਵੀਰਵਾਰ ਨੂੰ ਪ੍ਰਕਾਸ਼ਿਤ ਖ਼ਬਰ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ। ਚਰਚਿਤ ਹੈਕਰ ਮੰਚ ‘ਬ੍ਰੀਚਫੋਰਮ’ ਦੇ ਸਾਈਬਰ ਹਮਲਾਵਰਾਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਮੁਸਤਫ਼ਾ ਸਮੂਹ ਦੇ ਗਾਹਕਾਂ ਅਤੇ ਮੁਲਾਜ਼ਮਾਂ ਦੀ ਨਿੱਜੀ ਜਾਣਕਾਰੀ ਚੋਰੀ ਕਰ ਲਈ ਹੈ। ਦੂਜੇ ਪਾਸੇ ‘ਦ ਸਟ੍ਰੇਟ ਟਾਈਮਜ਼’ ਨੇ ਖ਼ਬਰ ਦਿੱਤੀ ਕਿ ਡਾਟਾ ਲੀਕ ਹੋਣ ਦੀ ਜਾਣਕਾਰੀ 25 ਅਪ੍ਰੈਲ ਨੂੰ ਦਿੱਤੀ ਗਈ ਸੀ। ਖ਼ਬਰ ਮੁਤਾਬਕ, ‘’ਹਾਲ ਦੇ ਹਫ਼ਤੇ ਵਿਚ ਮੰਚ ਨੂੰ ਬੰਦ ਕਰ ਦਿੱਤਾ ਗਿਆ ਹੈ। ਹੈਕਰ ਨੇ ਪਹਿਲਾਂ ਦਾਅਵਾ ਕੀਤਾ ਸੀ ਕਿ ਉਸ ਨੇ ਕੰਪਨੀਆਂ ਵੱਲੋਂ ਸੰਭਾਵਤ ਅਪਰਾਧੀਆਂ ਦੀ ਪਛਾਣ ਕਰਨ ਲਈ ਇਸਤੇਮਾਲ ਕੀਤੇ ਜਾਣ ਵਾਲੇ ਵਿਸ਼ਵ ਪੱਧਰੀ ਡਾਟਾਬੇਸ ਤੋਂ ਡਾਟਾ ਚੋਰੀ ਕੀਤਾ ਹੈ। ਹੈਕਰ ਨੇ ਦਾਅਵਾ ਕੀਤਾ ਕਿ ਉਸ ਨੇ ਮੁਸਤਫ਼ਾ ਸਮੂਹ ਨਾਲ ਸਬੰਧਤ 180 ਗੀਗਾਬਾਈਟ ਡਾਟਾ ਪ੍ਰਾਪਤ ਕੀਤਾ ਹੈ। ਸਿੰਗਾਪੁਰ ਦੇ ਅਖ਼ਬਾਰ ਮੁਤਾਬਕ, ਮੰਚ ‘’ਤੇ ਫਾਈਲ ਅਪਲੋਡ ਕੀਤੀ ਗਈ ਸੀ, ਜਿਸ ਵਿਚ ਪੂਰਾ ਨਾਂ, ਪਛਾਣ ਪੱਤਰ ਗਿਣਤੀ, ਘਰ ਦਾ ਪਤਾ ਆਦਿ ਸੀ।
