ਚੰਡੀਗੜ੍ਹ – ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਵਫ਼ਦ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨਾਲ ਮੁਲਾਕਾਤ ਕਰ ਕੇ ਦਰਬਾਰ ਸਾਹਿਬ ਵਿਚੋਂ ਗੁਰਬਾਣੀ ਦਾ ਪ੍ਰਸਾਰਣ ਇਕ ਨਿੱਜੀ ਚੈਨਲ ’ਤੇ ਤੁਰੰਤ ਬੰਦ ਕਰਨ ਦੀ ਅਪੀਲ ਕੀਤੀ। ਵਫਦ ’ਚ ਸ਼ਾਮਿਲ ਡਾ. ਖੁਸ਼ਹਾਲ ਸਿੰਘ, ਜਸਪਾਲ ਸਿੰਘ ਸਿੱਧੂ, ਸੁਰਿੰਦਰ ਸਿੰਘ ਕਿਸ਼ਨਪੁਰਾ ਨੇ ਕਿਹਾ ਕਿ ਗੁਰਬਾਣੀ ਦੇ ਵਸਤੂਕਰਨ ਅਤੇ ਵਪਾਰੀਕਰਨ ਨੂੰ ਰੋਕਣ ਲਈ ਸ਼੍ਰੋਮਣੀ ਕਮੇਟੀ ਨੇ ਗੁਰੂ ਗ੍ਰੰਥ ਸਾਹਿਬ ਦੀਆਂ ਬੀੜ ਸਾਹਿਬ ਦੀ ਛਪਾਈ ਨੂੰ ਆਪਣੇ ਰਾਹੀਂ ਸ਼ੁਰੂ ਕਰ ਕੇ ਪ੍ਰਾਈਵੇਟ ਕੰਪਨੀਆਂ ਵੱਲੋਂ ਬੀੜ ਸਾਹਿਬ ਛਾਪਣ ’ਤੇ ਪੂਰਨ ਪਾਬੰਦੀ ਲਾ ਦਿੱਤੀ ਸੀ।
ਸਿੰਘ ਸਭਾ ਆਗੂਆਂ ਨੇ ਕਿਹਾ ਕਿ ਪਿਛਲੇ ਮਾਰਚ ਮਹੀਨੇ ਵਿਚ ਨਿੱਜੀ ਚੈਨਲ ਦੀ ਸੈਕਸ ਸਕੈਂਡਲ ਵਿਚ ਸ਼ਮੂਲੀਅਤ ਹੋਣ ਕਰ ਕੇ ਪੁਲਿਸ ਕੇਸ ਦਰਜ ਹੋ ਗਿਆ ਹੈ। ਇਹ ਚੈਨਲ ਪਵਿੱਤਰ ਗੁਰਬਾਣੀ ਨੂੰ ਟੈਲੀਕਾਸਟ ਕਰਨ ਦਾ ਨੈਤਿਕ ਅਧਿਕਾਰ ਵੀ ਖੋਹ ਬੈਠਾ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ 8 ਅਪ੍ਰੈਲ ਨੂੰ ਸ਼੍ਰੋਮਣੀ ਕਮੇਟੀ ਨੂੰ ਆਪਣਾ ਟੀਵੀ ਚੈਨਲ ਚਲਾ ਕੇ ਸਿੱਖ ਸੰਗਤ ਲਈ ਗੁਰਬਾਣੀ ਦਾ ਮੁਫਤ ਪ੍ਰਸਾਰ ਦੇ ਆਦੇਸ਼ ਦਿੱਤੇ ਸਨ। ਜਿਵੇਂ ਹਿੰਦੂ, ਮਸੁਲਮਾਨ ਅਤੇ ਬੌਧੀ ਤੀਰਥ ਅਸਥਾਨ ਪਹਿਲਾਂ ਹੀ ਕਰ ਰਹੇ ਹਨ।
ਆਗੂਆਂ ਨੇ ਕਿਹਾ ਕਿ ਤ੍ਰਿਪਤੀ ਅਤੇ ਹੋਰ ਹਿੰਦੂ ਮੰਦਰ ਬਕਾਇਦਾ ਪਾਰਦਰਸ਼ੀ ਤਰੀਕੇ ਨਾਲ ਟੈਲੀਕਾਸਟ ਦੇ ਹੱਕ ਦਿੰਦੇ ਹਨ। ਮੱਕਾ ਸ਼ਰੀਫ ਨੇ ਧਾਰਮਿਕ ਪ੍ਰੋਗਰਾਮ ਮੁਫਤ ਪ੍ਰਸਾਰਣ ਕਰਨ ਲਈ ਸੌਦੀ ਬਰਾਡ ਕਾਸਟਿੰਗ ਕਾਰਪੋਰੇਸ਼ਨ ਬਣਾਈ ਹੈ, ਕਾਂਸ਼ੀ ਵਿਸ਼ਵਾਨਾਥ, ਵੈਸ਼ਣੋ ਦੇਵੀ, ਜਗਨ ਨਾਥਪੁਰੀ ਅਤੇ ਬੌਧੀ ਮੰਦਰਾਂ ਨੇ ਮੁਫਤ ਧਾਰਮਿਕ ਪ੍ਰਸਾਰਣ ਕਰਨ ਬੰਦੋਬਸਤ ਕੀਤੇ ਹੋਏ ਹਨ।
ਸਭਾ ਦੇ ਆਗੂਆਂ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਪੰਥ ਦੀ ਇੱਕ-ਸੁਰ ਆਵਾਜ਼ ਸੁਣਦਿਆਂ ਗੁਰਬਾਣੀ ਦੇ ਵਸਤੂਕਰਨ ਅਤੇ ਵਪਾਰੀਕਰਨ ਨੂੰ ਤੁਰੰਤ ਰੋਕਣ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਅਨੁਸਾਰ ਗੁਰਬਾਣੀ ਪ੍ਰਸਾਰ ਕਰਨ ਹਿੱਤ ਆਪਣਾ ਚੈਨਲ ਤੁਰੰਤ ਸ਼ੁਰੂ ਕਰਨ ਦੀ ਅਪੀਲ ਕੀਤੀ ਹੈ।