ਚੰਡੀਗਡ਼੍ਹ – ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਅਗਵਾਈ ਵਿੱਚ ਕਾਂਗਰਸੀ ਆਗੂਆਂ ਤੇ ਵਰਕਰਾਂ ਦਾ ਕਾਫਲਾ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਲਈ ਰਵਾਨਾ ਹੋਇਆ। ਨਵਜੋਤ ਸਿੰਘ ਦੀ ਅਗਵਾਈ ਵਿਚ ਲਖੀਮਪੁਰ ਖੀਰੀ ਲਈ ਰਵਾਨੇ ਹੋਏ ਕਾਫ਼ਲੇ ਨੂੰ ਹਰਿਆਣਾ ਯੂਪੀ ਬਾਰਡਰ ’ਤੇ ਰੋਕ ਲਿਆ ਗਿਆ। ਜਾਣਕਾਰੀ ਮੁਤਾਬਕ ਸ਼ਾਹਜਹਾਂਪੁਰ ਚੌਕੀ ਵਿਚ ਕਾਂਗਰਸੀ ਧਰਨੇ ’ਤੇ ਬੈਠੇ ਗਏ ਹਨ। ਯੂਪੀ ਪੁਲਿਸ ਵੱਲੋਂ ਕਈ ਵਿਧਾਇਕ ਅਤੇ ਕੈਬਨਿਟ ਮੰਤਰੀ ਹਿਰਾਸਤ ਵਿਚ ਲੈ ਲਏ ਗਏ ਹਨ। ਨਵਜੋਤ ਸਿੰਘ ਸਿੱਧੂ ਕਹਿ ਰਹੇ ਹਨ ਕਿ ਜਾਂ ਤਾਂ ਸਾਨੂੰ ਗ੍ਰਿਫ਼ਤਾਰ ਕੀਤਾ ਜਾਵੇ ਜਾਂ ਅੱਗੇ ਜਾਣ ਦਿੱਤਾ ਜਾਵੇ। ਇਹ ਸਾਡਾ ਮੌਲਿਕ ਅਧਿਕਾਰ ਹੈ ਕਿ ਅਸੀਂ ਰੋਸ ਪ੍ਰਦਰਸ਼ਨ ਕਰ ਸਕੀਏ। ਪਰ ਪੁਲਿਸ ਦਾ ਤਰਕ ਹੈ ਕਿ ਏਨੀ ਵੱਡੀ ਗਿਣਤੀ ਵਿਚ ਲੋਕਾਂ ਦੇ ਜਾਣ ਨਾਲ ਲਾਅ ਐਂਡ ਆਰਡਰ ਵਿਗਡ਼ ਸਕਦਾ ਹੈ ਅਤੇ ਨਾਲ ਹੀ ਧਾਰਾ 144 ਦੀ ਉਲੰਘਣਾ ਹੈ। ਨਵਜੋਤ ਸਿੰਘ ਸਿੱਧੂ ਤੇ ਰਾਜਾ ਵਡ਼ਿੰਗ ਪੁਲਿਸ ਨਾਲ ਬਹਿਸਦੇ ਨਜ਼ਰ ਆਏ।
ਇਸ ਤੋਂ ਪਹਿਲਾਂ, ਸਿੱਧੂ ਨੇ ਕਿਹਾ ਕਿ ਜੇ ਕੱਲ੍ਹ ਤੱਕ ਲਖੀਮਪੁਰ ਕਾਂਡ ਦੇ ਦੋਸ਼ੀ ਨੂੰ ਗ੍ਰਿਫਤਾਰ ਨਾ ਕੀਤਾ ਗਿਆ, ਤਾਂ ਮੈਂ ਭੁੱਖ ਹੜਤਾਲ ‘ਤੇ ਬੈਠਾਂਗਾ। ਇਸ ਮੌਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਮੌਜੂਦ ਸਨ। ਉਨ੍ਹਾਂ ਦੇ ਕਾਫਲੇ ਵਿੱਚ ਪੰਜਾਬ ਦੇ ਕਾਂਗਰਸੀ ਵਿਧਾਇਕ ਅਤੇ ਮੰਤਰੀ ਸ਼ਾਮਲ ਹਨ। ਇਹ ਟੀਮ ਮੋਹਾਲੀ ਦੇ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਨਜ਼ਦੀਕ ਤੋਂ ਰਵਾਨਾ ਹੋਈ ਹੈ। ਸਾਬਕਾ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਵੀ ਲਖੀਮਪੁਰ ਖੇੜੀ ਦਾ ਦੌਰਾ ਕਰ ਰਹੇ ਹਨ।