ਚੰਡੀਗੜ੍ਹ – ਡੇਰਾ ਸੱਚਾ ਸੌਦਾ ਦੇ ਸਾਬਕਾ ਪ੍ਰਬੰਧਕ ਰਣਜੀਤ ਸਿੰਘ ਹੱਤਿਆਕਾਂਡ ‘ਚ ਚਿਰਾਂ ਤੋਂ ਉਡੀਕਿਆ ਜਾ ਰਿਹਾ ਫ਼ੈਸਲਾ ਸੁਣਾਉਣ ਦਾ ਮਾਰਗ ਪੱਧਰਾ ਕਰਦੇ ਹੋਏ ਹਾਈ ਕੋਰਟ ਨੇ ਮੰਗਲਵਾਰ ਨੂੰ ਉਸ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਜਿਸ ਵਿਚ ਇਸ ਮਾਮਲੇ ਨੂੰ ਪੰਚਕੂਲਾ ਤੋਂ ਹੋਰ ਸੀਬੀਆਈ ਜੱਜ ਨੂੰ ਭੇਜਣ ਦੀ ਅਪੀਲ ਕੀਤੀ ਗਈ ਸੀ। ਹਾਈ ਕੋਰਟ ਦੇ ਇਸ ਫ਼ੈਸਲੇ ਨਾਲ ਹੁਣ ਇਸ ਮਾਮਲੇ ‘ਚ ਫ਼ੈਸਲਾ ਸੁਣਾਉਣ ‘ਤੇ ਲੱਗੀ ਰੋਕ ਵੀ ਹਟ ਗਈ ਹੈ। ਹੁਣ ਸਪੱਸ਼ਟ ਹੈ ਕਿ ਰਣਜੀਤ ਸਿੰਘ ਹੱਤਿਆਕਾਂਡ ਮਾਮਲੇ ‘ਚ ਫ਼ੈਸਲਾ ਪੰਚਕੂਲਾ ਸੀਬੀਆਈ ਦੇ ਵਿਸ਼ੇਸ਼ ਜੱਜ ਸੁਸ਼ੀਲ ਕੁਮਾਰ ਗਰਗ ਹੀ ਸੁਣਾਉਣਗੇ। ਜਸਟਿਸ ਅਵਨੀਸ਼ ਝਿੰਗਨ ਨੇ ਪਟੀਸ਼ਨ ਖਾਰਜ ਕਰਦੇ ਹੋਏ ਕਿਹਾ ਕਿ ਪਟੀਸ਼ਨਰ ਦੇ ਖਦਸ਼ਿਆਂ ਨੂੰ ਠੀਕ ਨਹੀਂ ਠਹਿਰਾਇਆ ਜਾ ਸਕਦਾ। ਇਹ ਕਾਲਪਨਿਕ ਤੇ ਅਨੁਮਾਨਾਂ ‘ਤੇ ਆਧਾਰਤ ਹਨ। ਸੀਬੀਆਈ ਕੋਰਟ ‘ਚ ਫ਼ੈਸਲਾ ਆਪਣੇ ਆਖਰੀ ਪੜਾਅ ‘ਚ ਹੈ।
ਪਟੀਸ਼ਨਰ ਵਿਸ਼ੇਸ਼ ਜੱਜ ਸਾਹਮਣੇ ਅਪ੍ਰੈਲ, 2021 ਤੋਂ ਸੁਣਵਾਈ ‘ਚ ਪੇਸ਼ ਹੋ ਰਿਹਾ ਹੈ। ਕੇਸ ਹੋਰ ਜੱਜ ਨੂੰ ਟਰਾਂਸਫਰ ਕਰਨ ਦੀ ਪਟੀਸ਼ਨ ਦੀ ਆੜ ‘ਚ ਪਟੀਸ਼ਨਰ ਨੂੰ ਆਪਣੀ ਪਸੰਦ ਦਾ ਜੱਜ ਜਾਂ ਆਪਣੀ ਇੱਛਾ ਅਨੁਸਾਰ ਮੁਕੱਦਮਾ ਚਲਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਤਕਨੀਕੀ ਤੇ ਸੋਸ਼ਲ ਮੀਡੀਆ ਦੀ ਸਰਗਰਮੀ ਕਾਰਨ ਦੋਸ਼ ਲਗਾਉਣ ‘ਚ ਸਾਵਧਾਨੀ ਦੀ ਜ਼ਰੂਰਤ ਹੈ। ਪਟੀਸ਼ਨਰ ਦੇ ਇਸ ਮਾਮਲੇ ‘ਚ ਦਖ਼ਲ ਦੇਣ ਤੇ ਕੇਸ ਕਿਸੇ ਹੋਰ ਜੱਜ ਨੂੰ ਟਰਾਂਸਫਰ ਕਰਨ ਨਾਲ ਇਹ ਜੱਜ ਨੂੰ ਡਰਾਉਣ ਤੇ ਨਿਆਂ ਦੇ ਨਿਰਪੱਖ ਪ੍ਰਸ਼ਾਸਨ ‘ਚ ਦਖ਼ਲ ਦੇਣ ਵਰਗਾ ਹੋਵੇਗਾ। ਇਸ ਦੇ ਨਾਲ ਹੀ ਹਾਈ ਕੋਰਟ ਨੇ ਪਟੀਸ਼ਨ ਨੂੰ ਖਾਰਜ ਕਰ ਦਿੱਤਾ। ਹਾਈ ਕੋਰਟ ਦਾ ਵਿਚਾਰ ਸੀ ਕਿ ਸਿਰਫ਼ ਖਦਸ਼ਿਆਂ ਦੇ ਆਧਾਰ ‘ਤੇ ਕੇਸ ਨੂੰ ਟਰਾਂਸਫਰ ਨਹੀਂ ਕੀਤਾ ਜਾ ਸਕਦਾ। ਖਦਸ਼ਾ ਠੀਕ ਹੋਣਾ ਚਾਹੀਦੈ ਨਾ ਕਿ ਕਾਲਪਨਿਕ। ਕੇਸ ਟਰਾਂਸਫਰ ਦੀ ਤਾਕਤ ਦਾ ਸੰਜਮ ਨਾਲ ਪ੍ਰਯੋਗ ਕੀਤਾ ਜਾਣਾ ਹੈ। ਇਸ ਮਾਮਲੇ ‘ਚ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਮੁੱਖ ਮੁਲਜ਼ਮ ਹੈ।