ਨਵੀਂ ਦਿੱਲੀ – ਪੰਜ ਸੂਬਿਆਂ ਵਿਚ ਆਗਾਮੀ ਵਿਧਾਨਸਭਾ ਚੋਣਾਂ ਦੇ ਚੱਲਦੇ ਕਾਂਗਰਸ ਹੁਣ ਐਕਟਿਵ ਮੋੜ ਵਿਚ ਨਜ਼ਰ ਆ ਰਹੀ ਹੈ। ਮਹਿੰਗਾਈ ਖ਼ਿਲਾਫ਼ ਕਾਂਗਰਸ ਇਕ ਵੱਡੀ ਰੈਲੀ ਕਰਨ ਜਾ ਰਹੀ ਹੈ। ਕਾਂਗਰਸ 12 ਦਸੰਬਰ ਨੂੰ ਦਿੱਲੀ ਵਿਚ ‘ਮਹਿੰਗਾਈ ਹਟਾਓ’ ਰੈਲੀ ਕੱਢੇਗੀ। ਪਾਰਟੀ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਇਸ ਰੈਲੀ ਨੂੰ ਸੰਬੋਧਿਤ ਕਰਨਗੇ।ਕਾਂਗਰਸ ਦੇ ਸੀਨੀਅਰ ਨੇਤਾ ਅਤੇ ਰਾਜ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਮੱਲਿਕਾਰਜੁਨ ਖੜਗੇ ਨੇ 19 ਨਵੰਬਰ ਨੂੰ ਵਿਰੋਧੀ ਪਾਰਟੀਆਂ ਦੀ ਬੈਠਕ ਬੁਲਾਈ ਹੈ। ਇਸ ਤੋਂ ਪਹਿਲਾਂ ਵੀਰਵਾਰ ਨੂੰ, ਕਾਂਗਰਸ ਨੇਤਾ 29 ਨਵੰਬਰ ਤੋਂ ਸ਼ੁਰੂ ਹੋ ਰਹੇ ਸੰਸਦ ਦੇ ਸਰਦ ਰੁੱਤ ਸੈਸ਼ਨ ਦੌਰਾਨ ਪਾਰਟੀ ਵੱਲੋਂ ਉਠਾਏ ਜਾਣ ਵਾਲੇ ਮੁੱਦਿਆਂ ‘ਤੇ ਚਰਚਾ ਕਰਨ ਲਈ ਪਾਰਟੀ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਦੀ ਰਿਹਾਇਸ਼ ‘ਤੇ ਪਾਰਟੀ ਦੀ ਸੰਸਦੀ ਰਣਨੀਤੀ ਸਮੂਹ ਦੀ ਬੈਠਕ ‘ਚ ਪਹੁੰਚੇ। ਪਾਰਟੀ ਦੇ ਸਰਦ ਰੁੱਤ ਇਜਲਾਸ ‘ਚ ਮਹਿੰਗਾਈ ਸਮੇਤ ਕਈ ਮੁੱਦੇ ਉਠਣ ਦੀ ਸੰਭਾਵਨਾ ਹੈ।ਕਾਂਗਰਸ ਆਗੂ ਮਲਿਕਾਰਜੁਨ ਖੜਗੇ ਨੇ ਕੱਲ੍ਹ ਸੋਨੀਆ ਦੀ ਰਿਹਾਇਸ਼ ‘ਤੇ ਹੋਈ ਬੈਠਕ ‘ਚ ਸ਼ਿਰਕਤ ਕਰਨ ਤੋਂ ਬਾਅਦ ਕਿਹਾ ਸੀ ਕਿ ਇਹ ਬੈਠਕ 29 ਨਵੰਬਰ ਤੋਂ ਸ਼ੁਰੂ ਹੋ ਰਹੇ ਸਰਦ ਰੁੱਤ ਸੈਸ਼ਨ ਨੂੰ ਲੈ ਕੇ ਹੋਈ ਹੈ। ਸੈਸ਼ਨ ਵਿਚ ਅਸੀਂ ਕਿਹੜੇ-ਕਿਹੜੇ ਵਿਸ਼ਿਆਂ ਨੂੰ ਚੁੱਕਾਗੇ, ਇਸ ਬਾਰੇ ਵਿਚਾਰ-ਚਰਚਾ ਕੀਤੀ ਗਈ। ਕਾਂਗਰਸ ਕਿਸਾਨ, ਐੱਮਐੱਸਪੀ ਤੇ ਲਖੀਮਪੁਰ ਖੀਰੀ ਦੀ ਘਟਨਾ ਨੂੰ ਸੈਸ਼ਨ ਵਿਚ ਲਿਆਵੇਗੀ। ਵਿਰੋਧੀ ਪਾਰਟੀਆਂ ਨਾਲ ਇੱਕਜੁੱਟ ਹੋ ਕੇ ਲੋਕਾਂ ਦੇ ਮੁੱਦੇ ਸਦਨ ਵਿਚ ਚੁੱਕੇ ਜਾਣਗੇ।ਇਸ ਤੋਂ ਪਹਿਲਾਂ 25 ਨਵੰਬਰ ਨੂੰ ਕਾਂਗਰਸ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨੇ ਨਿਊਜ਼ ਏਜੰਸੀ ਏਐੱਨਆਈ ਨੂੰ ਕਿਹਾ ਸੀ ਕਿ ਅਸੀਂ ਸੰਸਦ ਦੇ ਆਗਾਮੀ ਸੈਸ਼ਨ ਵਿਚ ਮਹਿੰਗਾਈ ਦਾ ਮੁੱਦਾ ਚੁੱਕਾਗੇ।ਸਰਦ ਰੁੱਤ ਸੈਸ਼ਨ ਲਈ ਸਰਕਾਰ ਦੇ ਏਜੰਡੇ ਵਿਚ 26 ਨਵੇਂ ਬਿੱਲ ਸ਼ਾਮਲ ਹਨ, ਜਿਨ੍ਹਾਂ ਵਿਚ ਕ੍ਰਿਪਟੋਕਰੰਸੀ ਬਾਰੇ ਇਕ ਕਾਨੂੰਨ ਤੇ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨਾ ਸ਼ਾਮਲ ਹੈ।