ਨਵੀਂ ਦਿੱਲੀ – ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ ਕਿਹਾ ਕਿ ਚੋਣ ਨਤੀਜਿਆਂ ਦਾ ‘ਸਭ ਤੋਂ ਵੱਡਾ ਸਬਕ’ ਇਹ ਹੈ ਕਿ ਚੋਣਾਂ ’ਚ ਕਦੀ ਵੀ ‘ਅਤਿ ਆਤਮਵਿਸ਼ਵਾਸੀ’ ਨਹੀਂ ਹੋਣਾ ਚਾਹੀਦਾ। ‘ਆਪ’ ਕੌਂਸਲਰਾਂ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਕਿਹਾ, ‘‘ਦੇਖੋ ਹਰਿਆਣਾ ’ਚ ਚੋਣਾਂ ਦੇ ਨਤੀਜੇ ਕੀ ਹਨ। ਸੱਭ ਤੋਂ ਵੱਡਾ ਸਬਕ ਇਹ ਹੈ ਕਿ ਕਿਸੇ ਨੂੰ ਵੀ ਚੋਣਾਂ ’ਚ ਜ਼ਿਆਦਾ ਵਿਸ਼ਵਾਸ ਨਹੀਂ ਹੋਣਾ ਚਾਹੀਦਾ।’’ ਉਨ੍ਹਾਂ ਕਿਹਾ, ‘‘ਚੋਣਾਂ ਨੂੰ ਹਲਕੇ ’ਚ ਨਹੀਂ ਲੈਣਾ ਚਾਹੀਦਾ। ਹਰ ਚੋਣ ਅਤੇ ਹਰ ਸੀਟ ਮੁਸ਼ਕਲ ਹੁੰਦੀ ਹੈ।’’ ਹਰਿਆਣਾ ’ਚ ਸੀਟਾਂ ਦੀ ਵੰਡ ਨੂੰ ਲੈ ਕੇ ਮਤਭੇਦਾਂ ਕਾਰਨ ‘ਆਪ’ ਕਾਂਗਰਸ ਨਾਲ ਚੋਣਾਂ ਤੋਂ ਪਹਿਲਾਂ ਗਠਜੋੜ ਕਰਨ ’ਚ ਅਸਫਲ ਰਹੀ ਸੀ। ਕਾਂਗਰਸ ਵਲੋਂ ਨੌਂ ਸੀਟਾਂ ਦੀ ਮੰਗ ਰੱਦ ਕੀਤੇ ਜਾਣ ਤੋਂ ਬਾਅਦ ਪਾਰਟੀ ਨੇ ਕੁਲ 90 ਸੀਟਾਂ ’ਚੋਂ 89 ਸੀਟਾਂ ’ਤੇ ਅਪਣੇ ਦਮ ’ਤੇ ਚੋਣ ਲੜੀ। ‘ਆਪ’ ਦੇ ਉਮੀਦਵਾਰ ਲਗਭਗ ਹਰ ਸੀਟ ’ਤੇ ਭਾਜਪਾ ਅਤੇ ਕਾਂਗਰਸ ਦੇ ਆਪਣੇ ਵਿਰੋਧੀ ਉਮੀਦਵਾਰਾਂ ਤੋਂ ਪਿੱਛੇ ਹਨ। ਕੇਜਰੀਵਾਲ ਨੇ ਇਸ ਤੋਂ ਪਹਿਲਾਂ ਹਰਿਆਣਾ ਚੋਣ ਪ੍ਰਚਾਰ ਦੌਰਾਨ ਕਿਹਾ ਸੀ ਕਿ ‘ਆਪ’ ਦੇ ਸਮਰਥਨ ਤੋਂ ਬਿਨਾਂ ਸੂਬੇ ’ਚ
ਕੋਈ ਸਰਕਾਰ ਨਹੀਂ ਬਣੇਗੀ। ਉਨ੍ਹਾਂ ਨੇ ਪਾਰਟੀ ਕੌਂਸਲਰਾਂ ਨੂੰ ਅਗਲੇ ਸਾਲ ਫ਼ਰਵਰੀ ’ਚ ਹੋਣ ਵਾਲੀਆਂ ਦਿੱਲੀ ਵਿਧਾਨ ਸਭਾ ਚੋਣਾਂ ਲਈ ਸਖਤ ਮਿਹਨਤ ਕਰਨ ਅਤੇ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਉਨ੍ਹਾਂ ਦੇ ਵਾਰਡਾਂ ਤੋਂ ਕੂੜਾ ਇਕੱਠਾ ਕੀਤਾ ਜਾਵੇ ਅਤੇ ਸਹੀ ਢੰਗ ਨਾਲ ਨਿਪਟਾਰਾ ਕੀਤਾ ਜਾਵੇ। ਉਨ੍ਹਾਂ ਕਿਹਾ,‘‘ਇਸ (ਦਿੱਲੀ) ਚੋਣਾਂ ’ਚ ਤੁਹਾਡੀ ਭੂਮਿਕਾ ਸੱਭ ਤੋਂ ਮਹੱਤਵਪੂਰਨ ਹੋਵੇਗੀ। ਅਸੀਂ ਚੋਣਾਂ ਜਿੱਤਾਂਗੇ ਬਸ਼ਰਤੇ ਤੁਸੀਂ ਅਪਣੇ ਇਲਾਕਿਆਂ ਤੋਂ ਕੂੜੇ ਦੇ ਸਹੀ ਸੰਗ੍ਰਹਿ ਅਤੇ ਨਿਪਟਾਰੇ ਨੂੰ ਯਕੀਨੀ ਬਣਾਓ ਜੋ ਇਕ ਬਹੁਤ ਹੀ ਬੁਨਿਆਦੀ ਚੀਜ਼ ਹੈ।’’