ਕੈਨਬਰਾ – ਆਸਟ੍ਰੇਲੀਆ ਦੀ ਸਰਕਾਰ ਦੋ ਨਵੇਂ ਵੀਜ਼ਾ ਸਟ੍ਰੀਮ ਹਾਂਗਕਾਂਗ ਦੇ ਲਈ ਲੈ ਕੇ ਆ ਰਹੀ ਹੈ। ਚੀਨ ਦੁਆਰਾ ਹਾਂਗਕਾਂਗ ਦੇ ਨਾਗਰਿਕਾਂ ਨਾਲ ਕੀਤੀ ਜਾ ਰਹੀ ਜ਼ਿਆਦਤੀ ਅਤੇ ਨਵੇਂ ਸਖਤ ਕਾਨੂੰਨਾਂ ਦੇ ਕਾਰਨ ਬਹੁਤ ਸਾਰੇ ਲੋਕੀ ਹਾਂਗਕਾਂਗ ਛੱਡਣ ਲਈ ਕਾਹਲੇ ਹਨ। ਉਹਨਾਂ ਲੋਕਾਂ ਨੂੰ ਆਸਟ੍ਰੇਲੀਆ ਵਿਚ ਪੀ. ਆਰ. ਦੇਣ ਲਈ ਇਹ ਨਵੀਂ ਵਿਵਸਥਾ ਕੀਤੀ ਗਈ ਹੈ।
ਆਸਟ੍ਰੇਲੀਅਨ ਸਰਕਾਰ ਨੇ ਇਹ ਫੈਸਲਾ ਚੀਨ ਦੁਆਰਾ ਸਖਤ ਸੁਰੱਖਿਆ ਕਾਨੂੰਨਾਂ ਦੇ ਕਾਰਣ ਲਿਆ ਹੈ, ਹਾਲਾਂਕਿ ਚੀਨ ਇਸ ਦਾ ਵਿਰੋਧ ਵੀ ਕਰ ਰਿਹਾ ਹੈ। ਇਕ ਅੰਦਾਜ਼ੇ ਮੁਤਾਬਕ ਲੱਗਭੱਗ 8800 ਮੌਜੂਦਾ ਅਸਥਾਈ, ਮਾਹਿਰ, ਗ੍ਰੈਜੂਏਟ ਅਤੇ ਵਿਦਿਆਰਥੀ ਵੀਜ਼ਾ ਧਾਰਕ 5 ਮਾਰਚ 2022 ਤੋਂ ਲਾਗੂ ਹੋਣ ਵਾਲੇ ਇਸ ਵੀਜ਼ਾ ਨਿਯਮ ਦੇ ਯੋਗ ਹੋਣਗੇ।
ਆਸਟ੍ਰੇਲੀਆ ਸਰਕਾਰ ਨੇ ਰੀਜ਼ਨਲ ਖੇਤਰਾਂ ਵਿਚ ਰਹਿਣ ਵਾਲੇ ਲੋਕਾਂ ਲਈ 3 ਸਾਲ ਤੋਂ ਬਾਅਦ ਪੀ ਆਰ ਦੇਣ ਦੀ ਵਿਵਸਥਾ ਕੀਤੀ ਹੈ, ਜਦਕਿ ਬਾਕੀ ਚਾਰ ਸਾਲ ਬਾਅਦ ਪੀ. ਆਰ. ਲਈ ਅਪਲਾਈ ਕਰ ਸਕਦੇ ਹਨ। ਉਹਨਾਂ ਨੂੰ ਇਕ ਅਲੱਗ ਕਿਸਮ ਦਾ ਵੀਜ਼ਾ ਦਿੱਤਾ ਜਾਵੇਗਾ।
ਆਸਟ੍ਰੇਲੀਆ ਦੇ ਇਮੀਗ੍ਰੇਸ਼ਨ ਮੰਤਰੀ ਐਲੈਕਸ ਹਾਕ ਦਾ ਕਹਿਣਾ ਹੈ ਕਿ ਸਾਡੀ ਸਰਕਾਰ ਨੇ ਹਾਂਗਕਾਂਗ ਦੇ ਲੋਕਾਂ ਲਈ ਜੋ ਵਾਅਦਾ ਕੀਤਾ ਸੀ, ਉਸ ਨੂੰ ਪੂਰਾ ਕਰਨ ਲਈ ਅਸੀਂ ਵਚਨਬੱਧ ਹਾਂ। ਉਹਨਾਂ ਕਿਹਾ ਕਿ ਇਹ ਨਵੇਂ ਵੀਜ਼ਾ ਨਿਯਮ ਅਸਥਾਈ ਗ੍ਰੈਜੂਏਟਾਂ ਅਤੇ ਹਾਂਗਕਾਂਗ ਦੇ ਕੁਸ਼ਲ ਕਿਰਤੀਆਂ ਦੇ ਲਈ ਨਵਾਂ ਰਾਹ ਪ੍ਰਦਾਨ ਕਰਨਗੇ, ਜਿਸ ਨਾਲ ਉਹਨਾਂ ਨੂੰ ਇੱਥੇ ਰਹਿਣ ਵਿਚ ਸਹੂਲਤ ਮਿਲੇਗੀ। ਹਾਂਗਕਾਂਗ ਅਤੇ ਬ੍ਰਿਟਿਸ਼ ਨੈਸ਼ਨਲ ਓਵਰਸੀਜ਼ ਪਾਸਪੋਰਟ ਧਾਰਕ ਵੀ ਇੱਥੇ ਪੀ. ਆਰ. ਲਈ ਯੋਗ ਹੋਣਗੇ।