ਨਵੀਂ ਦਿੱਲੀ – ਤਿੰਨ ਖੇਤੀ ਸੁਧਾਰ ਕਾਨੂੰਨ ਪਾਸ ਹੋਏ ਇਸੇ ਮਹੀਨੇ ਇਕ ਸਾਲ ਪੂਰਾ ਹੋਣ ‘ਤੇ ਸ਼੍ਰੋਮਣੀ ਅਕਾਲੀ ਦਲ ਨੇ ਇਸ ਦਿਨ ਨੂੰ ਕਾਲੇ ਦਿਵਸ ਦੇ ਰੂਪ ‘ਚ ਮਨਾਉਣ ਦਾ ਫ਼ੈਸਲਾ ਕੀਤਾ ਹੈ। ਪਾਰਟੀ ਵੱਲੋਂ ਕਾਨੂੰਨਾਂ ਦੇ ਵਿਰੋਧ ‘ਚ 17 ਸਤੰਬਰ ਨੂੰ ਦਿੱਲੀ ‘ਚ ਗੁਰਦੁਆਰਾ ਰਕਾਬਗੰਜ ਸਾਹਿਬ ਤੋਂ ਇਕ ਰੋਸ ਮਾਰਚ ਕੱਢਿਆ ਜਾਵੇਗਾ, ਜੋ ਸੰਸਦ ਭਵਨ ਤਕ ਜਾਵੇਗਾ। ਇਹ ਫ਼ੈਸਲਾ ਸ਼ਨਿਚਰਵਾਰ ਨੂੰ ਬੁਲਾਈ ਗਈ ਪਾਰਟੀ ਆਗੂਆਂ ਦੀ ਬੈਠਕ ‘ਚ ਲਿਆ ਜਾਵੇਗਾ। ਰੋਸ ਮਾਰਚ ਦੀ ਪੁਸ਼ਟੀ ਕਰਦਿਆਂ ਪਾਰਟੀ ਦੇ ਮੁੱਖ ਬੁਲਾਰੇ ਡਾ.ਦਿਲਜੀਤ ਸਿੰਘ ਚੀਮਾ ਨੇ ਕਿਹਾ ਕਿ ਸੁਖਬੀਰ ਬਾਦਲ ਨੇ ਸਾਰੇ ਵਰਕਰਾਂ ਨੂੰ 17 ਸਤੰਬਰ ਨੂੰ ਵੱਡੀ ਗਿਣਤੀ ‘ਚ ਦਿੱਲ਼ੀ ਪੁੱਜਣ ਲਈ ਕਿਹਾ ਹੈ।
ਦਰਅਸਲ, ਸ਼ੁੱਕਰਵਾਰ ਨੂੰ ਕਿਸਾਨ ਸੰਗਠਨਾਂ ਵੱਲੋਂ ਸਿਆਸੀ ਪਾਰਟੀਆਂ ਨੂੰ ਰੈਲੀਆਂ ਨਾ ਕਰਨ ਲਈ ਕਿਹਾ ਗਿਆ ਸੀ। ਇਸ ਤੋਂ ਬਾਅਦ ਸ਼ਨਿਚਰਵਾਰ ਨੂੰ ਸ਼੍ਰੋਅਦ ਪਾਰਟੀ ਦਫ਼ਤਰ ‘ਚ ਆਪਣੇ ਜ਼ਿਲ੍ਹਾ ਪ੍ਰਧਾਨਾਂ ਤੇ ਹਲਕਾ ਇੰਚਰਾਜਾਂ ਦੀ ਬੈਠਕ ਬੁਲਾਈ ਸੀ ਪਰ ਬੈਠਕ ‘ਚ ਇਹ ਫ਼ੈਸਲਾ ਨਹੀਂ ਲਿਆ ਜਾ ਸਕਿਆ ਕਿ ਪਾਰਟੀ ‘ਗੱਲ ਪੰਜਾਬ ਦੀ’ ਮੁਹਿੰਮ ਨੂੰ ਜਾਰੀ ਰੱਖੇਗੀ ਤਾਂ ਇਸ ਨੂੰ ਮੁਲਤਵੀ ਕਰ ਦਿੱਤਾ ਜਾਵੇ। ਹਾਲਾਂਕਿ ਸੁਖਬੀਰ ਬਾਦਲ ਨੇ ਆਪਣੇ ਅਗਲੇ ਦੋ ਦਿਨ ਦੇ ਸਮਾਗਮ ਨੂੰ ਟਾਲ ਦਿੱਤਾ ਹੈ। ਬੈਠਕ ਦੌਰਾਨ ਪਾਰਟੀ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਪਾਰਟੀ ਆਗੂਆਂ ਦੇ ਵਿਚਾਰ ਲਈ ਜਾਣਨ ਦੀ ਕੋਸ਼ਿਸ਼ ਕੀਤੀ।