ਕੋਲਕਾਤਾ – ਕਾਂਗਰਸ ਪ੍ਰਤੀ ਤ੍ਰਿਣਮੂਲ ਕਾਂਗਰਸ (ਟੀਐੱਮਸੀ) ਦੀ ਕੜਵਾਹਟ ਵਧਦੀ ਜਾ ਰਹੀ ਹੈ। ਹੁਣ ਟੀਐੱਮਸੀ ਨੇ ਸੰਸਦ ਦੇ ਆਗਾਮੀ ਸਰਦ ਰੁੱਤ ਇਜਲਾਸ ’ਚ ਵੀ ਕਾਂਗਰਸ ਨਾਲ ਕਿਸੇ ਤਰ੍ਹਾਂ ਦਾ ਤਾਲਮੇਲ ਨਾ ਕਰਨ ਦਾ ਫ਼ੈਸਲਾ ਕੀਤਾ ਹੈ। ਕਾਂਗਰਸ ਦੇ ਕਿਸੇ ਨੇਤਾ ਵੱਲੋਂ ਬੁਲਾਈ ਜਾਣ ਵਾਲੀ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਦੀ ਬੈਠਕ ’ਚ ਵੀ ਟੀਐੱਮਸੀ ਹੁਣ ਆਪਣਾ ਨੁਮਾਇੰਦਾ ਨਹੀਂ ਭੇਜੇਗੀ। ਯਾਨੀ ਸੀਨੀਅਰ ਕਾਂਗਰਸੀ ਨੇਤਾ ਮਲਿੱਕਾਰਜੁਨ ਖੜਗੇ ਵੱਲੋਂ 29 ਨਵੰਬਰ ਨੂੰ ਬੁਲਾਈ ਗਈ ਬੈਠਕ ’ਚ ਟੀਐੱਮਸੀ ਦੇ ਨੁਮਾਇੰਦੇ ਦੇ ਸ਼ਾਮਲ ਹੋਣ ਦੀ ਸੰਭਾਵਨਾ ਨਹੀਂ ਹੈ। ਟੀਐੱਮਸੀ ਦੇ ਇਕ ਸੀਨੀਅਰ ਨੇਤਾ ਨੇ ਇਹ ਜਾਣਕਾਰੀ ਦਿੱਤੀ। ਜ਼ਿਕਰਯੋਗ ਹੈ ਕਿ ਆਪਣੇ ਤਿੰਨ ਦਿਨਾਂ ਦਿੱਲੀ ਦੌਰੇ ਦੌਰਾਨ ਬੰਗਾਲ ਦੀ ਮੁੱਖ ਮੰਤਰੀ ਤੇ ਟੀਐੱਮਸੀ ਸੁਪਰੀਮੋ ਮਮਤਾ ਬੈਨਰਜੀ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਨਹੀਂ ਕੀਤੀ ਸੀ। ਦੱਸਿਆ ਜਾ ਰਿਹਾ ਹੈ ਕਿ ਮਮਤਾ ਬੈਨਰਜੀ ਦੀ ਅਗਵਾਈ ’ਚ ਸੋਮਵਾਰ ਨੂੰ ਪਾਰਟੀ ਦੀ ਕਾਰਜ ਕਮੇਟੀ ਦੀ ਬੈਠਕ ਹੋਵੇਗੀ ਤੇ ਇਸੇ ਬੈਠਕ ’ਚ ਕਾਂਗਰਸ ਨਾਲ ਤਾਲਮੇਲ ਨਾ ਕਰਨ ਦੇ ਫ਼ੈਸਲੇ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ।