ਭੁਵਨੇਸ਼ਵਰ – ਭਾਰਤੀ ਜੂਨੀਅਰ ਹਾਕੀ ਟੀਮ ਫਰਾਂਸ ਖ਼ਿਲਾਫ਼ ਬੁੱਧਵਾਰ ਨੂੰ ਜੂਨੀਅਰ ਹਾਕੀ ਵਿਸ਼ਵ ਕੱਪ ਦੇ ਪਹਿਲੇ ਮੁਕਾਬਲੇ ‘ਚ ਉਤਰੇਗੀ ਤਾਂ ਖ਼ਿਤਾਬ ਦੀ ਰੱਖਿਆ ਲਈ ਉਸ ਦੀ ਪ੍ਰਰੇਰਣਾ ਸੀਨੀਅਰ ਟੀਮ ਹੋਵੇਗੀ ਜਿਸ ਨੇ ਟੋਕੀਓ ਓਲੰਪਿਕ ‘ਚ ਕਾਂਸੇ ਦਾ ਮੈਡਲ ਜਿੱਤ ਕੇ ਇਤਿਹਾਸ ਰਚਿਆ ਸੀ।ਭਾਰਤੀ ਸੀਨੀਅਰ ਹਾਕੀ ਟੀਮ ਨੇ 41 ਸਾਲ ਦੀ ਉਡੀਕ ਤੋਂ ਖ਼ਤਮ ਕਰ ਕੇ ਟੋਕੀਓ ਓਲੰਪਿਕ ‘ਚ ਕਾਂਸੇ ਦਾ ਮੈਡਲ ਆਪਣੇ ਨਾਂ ਕੀਤਾ। ਜੂਨੀਅਰ ਟੀਮ ਦੀਆਂ ਨਜ਼ਰਾਂ ਤੀਸਰੇ ਵਿਸ਼ਵ ਕੱਪ ‘ਤੇ ਲੱਗੀਆਂ ਹੋਣਗੀਆਂ। ਸੀਨੀਅਰ ਹਾਕੀ ਟੀਮ ‘ਚ ਜਗ੍ਹਾ ਬਣਾਉਣ ਲਈ ਜੂਨੀਅਰ ਹਾਕੀ ਵਿਸ਼ਵ ਕੱਪ ਅਹਿਮ ਕੜੀ ਮੰਨਿਆ ਜਾਂਦਾ ਹੈ।ਜੂਨੀਅਰ ਵਿਸ਼ਵ ਕੱਪ 2016 ਦੀ ਟੀਮ ‘ਚ ਸ਼ਾਮਲ ਨੌਂ ਖਿਡਾਰੀਆਂ ਨੇ ਟੋਕੀਓ ਓਲੰਪਿਕ ਖੇਡਿਆ ਸੀ। ਵਿਵੇਕ ਸਾਗਰ ਪ੍ਰਸਾਦ ਦੀ ਅਗਵਾਈ ਵਾਲੀ ਭਾਰਤੀ ਟੀਮ ਦੇ ਮੈਂਬਰ ਆਪਣੇ ਪ੍ਰਦਰਸ਼ਨ ਦੇ ਦਮ ‘ਤੇ ਸੀਨੀਅਰ ਸਿਲੈਕਟਰਾਂ ਦਾ ਧਿਆਨ ਖਿੱਚਣਾ ਚਾਹੁੰਣਗੇ।ਟੂਰਨਾਮੈਂਟ ਤੋਂ ਪਹਿਲਾਂ ਸੀਨੀਅਰ ਖਿਡਾਰੀਆਂ ਨਾਲ ਰਹਿਣ, ਅਭਿਆਸ ਕਰਨ ਤੇ ਮੈਚ ਖੇਡਣ ਦਾ ਉਨ੍ਹਾਂ ਨੂੰ ਕਾਫੀ ਫ਼ਾਇਦਾ ਮਿਲਿਆ ਹੈ। ਮਨਪ੍ਰਰੀਤ ਸਿੰਘ ਤੇ ਪੀਆਰ ਸ਼੍ਰੀਜੇਸ਼ ਤੇ ਸੀਨੀਅਰ ਖਿਡਾਰੀਆਂ ਤੋਂ ਇਲਾਵਾ ਭਾਰਤ ਦੇ ਮੁੱਖ ਕੋਚ ਗ੍ਰਾਹਮ ਰੀਡ ਨੇ ਜੂਨੀਅਰ ਟੀਮ ਨਾਲ ਵੀ ਕਾਫੀ ਮਿਹਨਤ ਕੀਤੀ ਹੈ, ਜਿਸ ਦੇ ਕੋਚ ਬੀ. ਜੇ. ਕਰੀਅੱਪਾ ਹਨ। ਅਰਜੁਨ ਐਵਾਰਡ ਜੇਤੂ ਪ੍ਰਸਾਦ ਦੇ ਰੂਪ ‘ਚ ਜੂਨੀਅਰ ਟੀਮ ਕੋਲ ਅਜਿਹਾ ਕਪਤਾਨ ਹੈ ਜੋ ਸੀਨੀਅਰ ਟੀਮ ‘ਚ ਖੇਡ ਚੁੱਕਾ ਹੈ ਤੇ ਓਲੰਪਿਕ ਮੈਡਲ ਜਿੱਤ ਚੁੱਕਾ ਹੈ। ਸਟਾਰ ਡਰੈਗ ਫਲਿਕਰ ਸੰਜੇ ਉਪ ਕਪਤਾਨ ਹੋਣਗੇ। ਭਾਰਤ ਨੂੰ ਪੂਲ-ਬੀ ‘ਚ ਫਰਾਂਸ, ਕੈਨੇਡਾ ਤੇ ਪੋਲੈਂਡ ਨਾਲ ਰੱਖਿਆ ਗਿਆ ਹੈ। ਪੂਲ-ਏ ‘ਚ ਬੈਲਜੀਅਮ, ਮਲੇਸ਼ੀਆ, ਚਿਲੀ ਤੇ ਦੱਖਣੀ ਅਫਰੀਕਾ ਹੈ ਜਦੋਂਕਿ ਪੂਲ-ਸੀ ‘ਚ ਨੀਦਰਲੈਂਡਸ, ਸਪੇਨ, ਕੋਰੀਆ ਤੇ ਅਮਰੀਕਾ ਦੀਆਂ ਟੀਮਾਂ ਹਨ। ਪੂਲ-ਡੀ ‘ਚ ਜਰਮਨੀ, ਪਾਕਿਸਤਾਨ, ਮਿਸਰ ਤੇ ਅਰਜਨਟੀਨਾ ਹੈ। ਹਰ ਪੂਲ ‘ਚੋਂ ਸਿਖਰਲੀਆਂ ਦੋ ਟੀਮਾਂ ਕੁਆਰਟਰ ਫਾਈਨਲ ‘ਚ ਪਹੁੰਚਣਗੀਆਂ। ਬੈਲਜੀਅਮ, ਜਰਮਨੀ ਤੇ ਨੀਦਰਲੈਂਡਸ ਨਾਲ ਭਾਰਤ ਖ਼ਿਤਾਬ ਦੇ ਮੁੱਖ ਦਾਅਵੇਦਾਰਾਂ ‘ਚੋਂ ਹੈ। ਸਾਰੇ ਮੈਚ ਕਲਿੰਗਾ ਸਟੇਡੀਅਮ ‘ਚ ਦਰਸ਼ਕਾਂ ਤੋਂ ਬਿਨਾਂ ਖੇਡੇ ਜਾਣਗੇ। ਪਹਿਲੇ ਦਿਨ ਹੀ ਬੈਲਜੀਅਮ ਦਾ ਸਾਹਮਣਾ ਦੱਖਣੀ ਅਫਰੀਕਾ ਨਾਲ, ਮਲੇਸ਼ੀਆ ਦਾ ਚਿਲੀ ਨਾਲ, ਜਰਮਨੀ ਦਾ ਪਾਕਿਸਤਾਨ ਤੇ ਕੈਨੇਡਾ ਦਾ ਪੋਲੈਂਡ ਨਾਲ ਹੋਵੇਗਾ।