ਚੇਨਈ – ਉਪ ਫ਼ੌਜ ਮੁਖੀ ਲੈਫਟੀਨੈਂਟ ਜਨਰਲ ਚੰਡੀ ਪ੍ਰਸਾਦ ਮੋਹੰਤੀ ਨੇ ਸ਼ਨਿਚਰਵਾਰ ਨੂੰ ਚੀਨ ’ਤੇ ਸਿੱਧੇ ਤੌਰ ’ਤੇ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਦੁਸ਼ਮਣ ਝੂਠੇ ਬਹਾਨੇ ਨਾਲ ਸਾਜ਼ਿਸ਼ ਤਹਿਤ ਹਾਲਾਤ ਨੂੰ ਬਦਲਣ ਦੀ ਕੋਸ਼ਿਸ਼ ਕਰਦੇ ਹਨ ਪਰ ਭਾਰਤੀ ਫ਼ੌਜ ਸਾਰੇ ਬਾਹਰੀ ਤੇ ਅੰਦਰੂਨੀ ਖ਼ਤਰਿਆਂ ਦਾ ਮੁਕਾਬਲਾ ਕਰਨ ਲਈ ਹਮੇਸ਼ਾ ਤਿਆਰ ਰਹਿੰਦੀ ਹੈ।ਚੀਨ ਦਾ ਨਾਂ ਲਏ ਬਿਨਾਂ ਉਪ ਫ਼ੌਜ ਮੁਖੀ ਨੇ ਕਿਹਾ ਕਿ ਕੁਝ ਤਾਕਤਾਂ ਝੂਠ ਦਾ ਸਹਾਰਾ ਲੈ ਕੇ ਨਾਜਾਇਜ਼ ਤੌਰ ’ਤੇ ਭਾਰਤੀ ਖੇਤਰ ’ਤੇ ਆਪਣੀ ਦਾਅਵੇਦਾਰੀ ਦਿਖਾ ਰਹੀਆਂ ਹਨ ਪਰ ਇਸ ਤਰ੍ਹਾਂ ਦੇ ਰਵੱਈਏ ਨਾਲ ਸਬੰਧਾਂ ’ਚ ਸੁਧਾਰ ਨਹੀਂ ਲਿਆਂਦਾ ਜਾ ਸਕਦਾ। ਸ਼ਾਂਤੀ ਤੇ ਵਿਕਾਸ ਲਈ ਇਨ੍ਹਾਂ ਬਹੁ-ਖੇਤਰੀ ਸੁਰੱਖਿਆ ਚੁਣੌਤੀਆਂ ਨੂੰ ਦੂਰ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਬਾਹਰੀ ਤੇ ਅੰਦਰੂਨੀ ਖ਼ਤਰਿਆਂ ਦਾ ਡਟ ਕੇ ਮੁਕਾਬਲਾ ਕਰਨਾ ਪਵੇਗਾ। ਹਥਿਆਰਬੰਦ ਫ਼ੌਜ ਦੇਸ਼ ਦਾ ਸਭ ਤੋਂ ਮਜ਼ਬੂਤ ਸਤੰਭ ਹੈ। ਮੋਹੰਤੀ ਨੇ ਇਹ ਵੀ ਕਿਹਾ ਕਿ ਪੇਸ਼ੇਵਰ ਚੁਣੌਤੀਆਂ ਬਣੀਆਂ ਰਹਿਣਗੀਆਂ, ਫ਼ੌਜੀ ਅਧਿਕਾਰੀ ਜ਼ਰੂਰੀ ਕੁਰਬਾਨੀ ਦੇਣ ਲਈ ਤਿਆਰ ਰਹਿਣ। ਤਾਮਿਲਨਾਡੂ ’ਚ ਪਾਸਿੰਗ ਆਊਟ ਪਰੇਡ ਦਾ ਨਿਰੀਖਣ ਕਰਨ ਅਧਿਕਾਰੀ ਸਿਖਲਾਈ ਅਕੈਡਮੀ (ਓਟੀਏ) ਪੁੱਜੇ ਮੋਹੰਤੀ ਨੇ ਕਿਹਾ ਕਿ ਸਾਡੀ ਫ਼ੌਜ ਦੀ ਕੋਸ਼ਿਸ਼ ਨਾਲ ਦੇਸ਼ ਦੀ ਵਿਆਪਕ ਸ਼ਕਤੀ ਵਧੀ ਹੈ ਤੇ ਕੌਮਾਂਤਰੀ ਪਲੇਟਫਾਰਮ ’ਤੇ ਅਸੀਂ ਹੋਰ ਤਾਕਤਵਰ ਹੋ ਰਹੇ ਹਾਂ।ਚੇਨਈ ਸਥਿਤ ਅਧਿਕਾਰੀ ਸਿਖਲਾਈ ਅਕੈਡਮੀ ਤੋਂ ਕੁੱਲ 178 ਕੈਡੇਟ ਪਾਸ ਆਊਟ ਹੋਏ, ਜਿਨ੍ਹਾਂ ’ਚ 124 ਪੁਰਸ਼, 29 ਔਰਤਾਂ ਤੇ 25 ਵਿਦੇਸ਼ੀ ਸ਼ਾਮਲ ਹਨ। ਨਿਰੀਖਣ ਦੌਰਾਨ ਲੈਫਟੀਨੈਂਟ ਜਨਰਲ ਮੋਹੰਤੀ ਨੇ ਮਹਿਲਾ ਫ਼ੌਜ ਅਧਿਕਾਰੀਆਂ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸਾਡੇ ਮਹਿਲਾ ਫ਼ੌਜੀ ਅਧਿਕਾਰੀਆਂ ਨੇ ਵੀ ਰੱਖਿਆ ਖੇਤਰ ’ਚ ਦੁਸ਼ਮਣਾਂ ਨੂੰ ਆਪਣੀ ਤਾਕਤ ਦਾ ਅਹਿਸਾਸ ਕਰਵਾਇਆ ਹੈ। ਮਹਿਲਾ ਅਧਿਕਾਰੀਆਂ ਨੇ ਪਿਛਲੇ ਕੁਝ ਦਹਾਕਿਆਂ ’ਚ ਤੇਜ਼ੀ ਨਾਲ ਅਹਿਮ ਭੂਮਿਕਾ ਨਿਭਾਈ ਹੈ ਤੇ ਕਈ ਚੁਣੌਤੀਆਂ ਦੇ ਬਾਵਜੂਦ ਯੋਗਤਾ ਸਾਬਤ ਕੀਤੀ ਹੈ।