ਭਾਰਤ ਦੇ ਵਿੱਚ ਪਿਛਲੇ ਸ਼ਨੀਵਾਰ ਨੂੰ ਦੇਸ਼ ਦਾ ਦੂਜਾ ਰਾਸ਼ਟਰੀ ਪੁਲਾੜ ਦਿਵਸ ਮਨਾਇਆ ਗਿਆ ਜੋ ਕਿ ਚੰਦਰਯਾਨ-3 ਮਿਸ਼ਨ ਦੀ ਇਤਿਹਾਸਕ ਸਫਲਤਾ ਨੂੰ ਸਮਰਪਿਤ ਹੈ। ਇਸ ਮੌਕੇ ‘ਤੇ ਭਾਰਤੀ ਹਵਾਈ ਸੈਨਾ ਦੇ ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਨੇ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿੱਚ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੁਆਰਾ ਆਯੋਜਿਤ ਇੱਕ ਸ਼ਾਨਦਾਰ ਸਮਾਗਮ ਵਿੱਚ ਹਿੱਸਾ ਲਿਆ। ਕੇਂਦਰੀ ਵਿਗਿਆਨ ਅਤੇ ਤਕਨਾਲੋਜੀ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਅਤੇ ਇਸਰੋ ਦੇ ਚੇਅਰਮੈਨ ਡਾ. ਵੀ. ਨਾਰਾਇਣਨ ਵੀ ਉਨ੍ਹਾਂ ਨਾਲ ਮੌਜੂਦ ਸਨ।
ਭਾਰਤ ਦੇ ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ, “ਦੋ ਸਾਲ ਪਹਿਲਾਂ ਭਾਰਤ ਚੰਦਰਮਾ ਦੇ ਦੱਖਣੀ ਧਰੁਵ ‘ਤੇ ਪਹੁੰਚਣ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣਿਆ ਸੀ। ਹਾਲ ਹੀ ਵਿੱਚ ਸ਼ੁਭਾਂਸ਼ੂ ਸ਼ੁਕਲਾ ਨੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ‘ਤੇ ਜਾਣ ਵਾਲੇ ਪਹਿਲੇ ਭਾਰਤੀ ਬਣਨ ਦਾ ਵੱਡਾ ਕਾਰਨਾਮਾ ਕੀਤਾ ਹੈ। ਮੈਂ ਮਾਣ ਨਾਲ ਕਹਿ ਸਕਦਾ ਹਾਂ ਕਿ ਐਕਸੀਓਮ-4 ਮਿਸ਼ਨ ਵਿੱਚ ਸ਼ਾਮਲ ਹੋਣ ਦਾ ਸੱਦਾ ਉਨ੍ਹਾਂ ਵੱਲੋਂ ਆਇਆ ਸੀ। ਭਾਰਤੀ ਪ੍ਰਤਿਭਾ ਨੂੰ ਹੁਣ ਮਾਨਤਾ ਦਿੱਤੀ ਜਾ ਰਹੀ ਹੈ। ਭਾਰਤ ਨੇ ਪਿਛਲੇ 10 ਸਾਲਾਂ ਵਿੱਚ ਪੁਲਾੜ ਤਕਨਾਲੋਜੀ ਵਿੱਚ ਬੇਮਿਸਾਲ ਤਰੱਕੀ ਕੀਤੀ ਹੈ। ‘ਆਪ੍ਰੇਸ਼ਨ ਸਿੰਦੂਰ’ ਨੇ ਸਾਨੂੰ ਪਾਕਿਸਤਾਨੀ ਧਰਤੀ ‘ਤੇ ਇਸ ਤਕਨਾਲੋਜੀ ਦੀ ਜਾਂਚ ਕਰਨ ਦਾ ਮੌਕਾ ਦਿੱਤਾ ਅਤੇ ਦੁਨੀਆ ਨੂੰ ਦਿਖਾਇਆ ਕਿ ਮੋਦੀ ਸਰਕਾਰ ਨੇ ਪਿਛਲੇ 11 ਸਾਲਾਂ ਵਿੱਚ ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ ਵਿੱਚ ਕੀ ਪ੍ਰਾਪਤੀਆਂ ਕੀਤੀਆਂ ਹਨ।”
ਇਸ ਦੌਰਾਨ ਗਰੁੱਪ ਕੈਪਟਨ ਸ਼ੁਭਾਸ਼ੂ ਸ਼ੁਕਲਾ ਨੇ ਕਿਹਾ ਕਿ, “ਮੈਂ ਇਹ ਦੇਖ ਕੇ ਬਹੁਤ ਉਤਸ਼ਾਹਿਤ ਹਾਂ ਕਿ ਅਸੀਂ ਕੀ ਕਰ ਰਹੇ ਹਾਂ ਜਾਂ ਯੋਜਨਾ ਬਣਾ ਰਹੇ ਹਾਂ। ਦੋ ਸਾਲ ਪਹਿਲਾਂ ਸਾਡੇ ਕੋਲ ਜਸ਼ਨ ਮਨਾਉਣ ਦਾ ਮੌਕਾ ਨਹੀਂ ਸੀ। ਇੱਕ ਸਾਲ ਦੇ ਅੰਦਰ, ਇਹ ਸੰਭਵ ਹੈ। ਸਾਡੇ ਕੋਲ ਅੱਗੇ ਵਧਣ ਲਈ ਬਹੁਤ ਸਾਰੇ ਮਿਸ਼ਨ ਹਨ – ਗਗਨਯਾਨ, ਭਾਰਤੀ ਪੁਲਾੜ ਸਟੇਸ਼ਨ ਅਤੇ ਚੰਦਰਮਾ ‘ਤੇ ਉਤਰਨਾ। ਸਾਨੂੰ ਸਿਰਫ਼ ਉਤਸ਼ਾਹ ਦੀ ਲੋੜ ਹੈ। ਇੱਥੇ ਬੈਠੇ ਹਰ ਬੱਚੇ ਤੋਂ ਇਸ ਦਿਸ਼ਾ ਵਿੱਚ ਅੱਗੇ ਵਧਣ ਦੀ ਉਮੀਦ ਹੈ। ਦੇਸ਼ ਨੂੰ ਤੁਹਾਡੀ ਲੋੜ ਹੈ।”
ਇਸ ਤੋਂ ਪਹਿਲਾਂ, ਰੱਖਿਆ ਮੰਤਰੀ ਰਾਜਨਾਥ ਸਿੰਘ ਸਮੇਤ ਕਈ ਕੇਂਦਰੀ ਮੰਤਰੀਆਂ ਨੇ ਵੀ ਰਾਸ਼ਟਰੀ ਪੁਲਾੜ ਦਿਵਸ ਦੀ ਵਧਾਈ ਦਿੱਤੀ। ਰਾਜਨਾਥ ਸਿੰਘ ਨੇ ਵਧਾਈ ਦਿੰਦਿਆਂ ਕਿਹਾ ਕਿ, “ਰਾਸ਼ਟਰੀ ਪੁਲਾੜ ਦਿਵਸ ‘ਤੇ ਅਸੀਂ ਚੰਦਰਯਾਨ-3 ਰਾਹੀਂ ਚੰਦਰਮਾ ਦੇ ਦੱਖਣੀ ਧਰੁਵ ‘ਤੇ ਭਾਰਤ ਦੀ ਇਤਿਹਾਸਕ ਪ੍ਰਾਪਤੀ ਦਾ ਜਸ਼ਨ ਮਨਾ ਰਹੇ ਹਾਂ, ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੂਰਦਰਸ਼ੀ ਅਗਵਾਈ ਹੇਠ, ਭਾਰਤ ਪੁਲਾੜ ਖੋਜ ਵਿੱਚ ਨਵੀਆਂ ਉਚਾਈਆਂ ਨੂੰ ਛੂਹ ਰਿਹਾ ਹੈ, ਅਨੰਤ ਸੰਭਾਵਨਾਵਾਂ ਦੇ ਦਰਵਾਜ਼ੇ ਖੋਲ੍ਹ ਰਿਹਾ ਹੈ। ਮੈਂ ਆਪਣੇ ਦੇਸ਼ ਦੇ ਪ੍ਰਤਿਭਾਸ਼ਾਲੀ ਵਿਗਿਆਨੀਆਂ ਨੂੰ ਦਿਲੋਂ ਵਧਾਈ ਦਿੰਦਾ ਹਾਂ, ਜਿਨ੍ਹਾਂ ਦੇ ਸਮਰਪਣ ਅਤੇ ਪ੍ਰਤਿਭਾ ‘ਤੇ ਸਾਨੂੰ ਮਾਣ ਹੈ।”