ਕੋਲੰਬੋ – ਕੋਲੰਬੋ ਨੇੜੇ ਇਕ ਉਪਨਗਰੀ ਇਲਾਕੇ ਵਿਚ ਸਾਈਬਰ ਅਪਰਾਧ ਵਿਚ ਸ਼ਾਮਲ ਹੋਣ ਦੇ ਸ਼ੱਕ ਵਿਚ 20 ਤੋਂ ਵੱਧ ਚੀਨੀ ਨਾਗਰਿਕਾਂ ਨੂੰ ਗਿ੍ਰਫ਼ਤਾਰ ਕੀਤਾ ਗਿਆ। ਪੁਲਸ ਨੇ ਬੁੱਧਵਾਰ ਨੂੰ ਦੱਸਿਆ ਕਿ ਇਹ ਸਾਰੇ ਬਿਨਾਂ ਜਾਇਜ਼ ਵੀਜ਼ੇ ਦੇ ਰਹਿ ਰਹੇ ਸਨ। ਚੀਨ ਦੇ ਇਨ੍ਹਾਂ ਸਾਰੇ ਨਾਗਰਿਕਾਂ ਦੀ ਉਮਰ 22 ਤੋਂ 49 ਸਾਲ ਦੇ ਵਿਚਕਾਰ ਹੈ। ਇਨ੍ਹਾਂ ਲੋਕਾਂ ਨੂੰ ਕੋਲੰਬੋ ਦੇ ਦੱਖਣ ਵਿਚ ਪਨਾਦੁਰਾ ਉਪਨਗਰ ਦੇ ਗੋਰਕਾਨਾ ਇਲਾਕੇ ਵਿਚ ਸਥਿਤ ਇਕ ਹੋਟਲ ਤੋਂ ਗਿ੍ਰਫ਼ਤਾਰ ਕੀਤਾ ਗਿਆ। ਸਥਾਨਕ ਮੀਡੀਆ ਨੇ ਪੁਲਸ ਦੇ ਹਵਾਲੇ ਨਾਲ ਦੱਸਿਆ ਕਿ ਸੂਚਨਾ ਦੇ ਆਧਾਰ ‘ਤੇ ਕਾਰਵਾਈ ਕਰਦੇ ਹੋਏ ਪੁਲਸ ਨੇ ਹੋਟਲ ‘ਤੇ ਛਾਪਾ ਮਾਰਿਆ ਅਤੇ ਪੰਜ ਲੈਪਟਾਪ, ਦੋ ਆਈਫੋਨ, 437 ਮੋਬਾਈਲ ਫ਼ੋਨ, 17 ਰਾਊਟਰ ਅਤੇ ਹੋਰ ਸਮਾਨ ਜ਼ਬਤ ਕੀਤਾ। ਪੁਲਸ ਅਨੁਸਾਰ ਇਹ ਸਾਰੀ ਸਮੱਗਰੀ ਸੰਭਾਵੀ ਵਿੱਤੀ ਧੋਖਾਧੜੀ ਨਾਲ ਸਬੰਧਤ ਹੋਣ ਦਾ ਸ਼ੱਕ ਹੈ। ਪੁਲਸ ਨੇ ਕਿਹਾ ਕਿ ਮਾਮਲੇ ਦੀ ਜਾਂਚ ਇਹ ਪਤਾ ਲਗਾਉਣ ਲਈ ਜਾਰੀ ਰਹੇਗੀ ਕਿ ਕੀ ਚੀਨੀ ਸਮੂਹ ਸ਼੍ਰੀਲੰਕਾ ਵਿੱਚ ਸਾਈਬਰ ਔਨਲਾਈਨ ਘੁਟਾਲੇ ਕਰਨ ਵਾਲੇ ਇੱਕ ਹੋਰ ਚੀਨੀ ਸਮੂਹ ਨਾਲ ਜੁੜਿਆ ਹੋਇਆ ਹੈ, ਜਿਸ ਦੇ ਮੈਂਬਰਾਂ ਨੂੰ ਹਨਵੇਲਾ ਖੇਤਰ ਤੋਂ ਗਿ੍ਰਫ਼ਤਾਰ ਕੀਤਾ ਗਿਆ ਸੀ।